ਸ਼ਾਹਪੁਰ, 4 ਅਗਸਤ 2024 : ਮੱਧ ਪ੍ਰਦੇਸ਼ ਦੇ ਸ਼ਾਹਪੁਰ ਦੇ ਹਰਦੌਲ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੰਧ ਅਚਾਨਕ ਡਿੱਗ ਗਈ। ਕੰਧ ਦੇ ਮਲਬੇ ਹੇਠ ਦੱਬ ਕੇ 9 ਬੱਚਿਆਂ ਦੀ ਮੌਤ ਹੋ ਗਈ। ਚਾਰ ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸਨੌਧਾ ਥਾਣਾ ਖੇਤਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਪੁਰ ਦੇ ਹਰਦੌਲ ਮੰਦਰ 'ਚ ਸ਼ਿਵਲਿੰਗ ਦੀ ਉਸਾਰੀ ਅਤੇ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਸੀ। ਸਵੇਰੇ ਕਰੀਬ 10 ਵਜੇ ਪਾਰਥਿਵ ਸ਼ਿਵਲਿੰਗ ਨਿਰਮਾਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਐਤਵਾਰ ਦੀ ਛੁੱਟੀ ਹੋਣ ਕਾਰਨ ਬੱਚੇ ਵੀ ਸ਼ਿਵਲਿੰਗ ਬਣਾਉਣ ਆਏ ਹੋਏ ਸਨ। ਜਿਸ ਜਗ੍ਹਾ 'ਤੇ ਬੱਚੇ ਬੈਠ ਕੇ ਸ਼ਿਵਲਿੰਗ ਬਣਾ ਰਹੇ ਸਨ, ਉਸ ਸਮੇਂ ਮੰਦਰ ਕੰਪਲੈਕਸ ਦੇ ਨਾਲ ਵਾਲੀ ਕੰਧ ਡਿੱਗ ਗਈ। ਜਿਸ ਵਿੱਚ ਕੁਝ ਬੱਚੇ ਦੱਬ ਗਏ। ਜੇਸੀਬੀ ਨਾਲ ਮਲਬਾ ਹਟਾ ਕੇ ਲਾਸ਼ਾਂ ਅਤੇ ਜ਼ਖਮੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਇਹ ਕੰਧ ਕਰੀਬ 50 ਸਾਲ ਪੁਰਾਣੀ ਦੱਸੀ ਜਾਂਦੀ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਲੀ ਵਿਧਾਨ ਸਭਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਗੋਪਾਲ ਭਾਰਗਵ ਵੀ ਮੌਕੇ 'ਤੇ ਪਹੁੰਚ ਗਏ। ਕੁਲੈਕਟਰ ਦੀਪਕ ਆਰੀਆ ਨੇ ਦੱਸਿਆ ਕਿ ਬੱਚੇ ਘਟਨਾ ਵਾਲੀ ਥਾਂ 'ਤੇ ਬਣੇ ਟੈਂਟ 'ਚ ਖੇਡ ਰਹੇ ਸਨ। ਫਿਰ ਅਚਾਨਕ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੰਧ ਡਿੱਗ ਗਈ, ਜਿਸ 'ਚ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਕੁਝ ਹੋਰ ਬੱਚਿਆਂ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ, ਜਦਕਿ ਕੁਝ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਕੁੱਲ 9 ਬੱਚਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਇਹ ਪੰਜਾਹ ਸਾਲ ਪੁਰਾਣੀ ਕੰਧ ਖਸਤਾ ਹੋ ਗਈ ਸੀ। ਇਸ ਤੋਂ ਬਾਅਦ ਵੀ ਇਸ ਨੂੰ ਢਾਹਿਆ ਨਹੀਂ ਗਿਆ। ਸਾਗਰ ਵਿੱਚ ਵੀ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਅਜਿਹੇ ‘ਚ ਕੱਚੇ ਅਤੇ ਟੁੱਟੇ-ਭੱਜੇ ਮਕਾਨ ਖਤਰੇ ‘ਚ ਹਨ। ਲਗਾਤਾਰ ਹੋ ਰਹੀ ਬਰਸਾਤ ਕਾਰਨ ਮੰਦਰ ਦੇ ਕੋਲ ਸਥਿਤ ਕੱਚੀ ਕੰਧ ਵੀ ਢਹਿ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਸਪਤਾਲ ਵਿੱਚ ਪ੍ਰਬੰਧਾਂ ਦੀ ਘਾਟ ਕਾਰਨ ਹੰਗਾਮਾ
ਇੰਨਾ ਹੀ ਨਹੀਂ ਜਦੋਂ ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੀ ਉੱਥੇ ਮੌਜੂਦ ਨਹੀਂ ਸਨ। ਉੱਥੇ ਸਿਰਫ਼ ਇੱਕ ਮੁਲਾਜ਼ਮ ਮੌਜੂਦ ਸੀ। ਇਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਹੰਗਾਮਾ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਡਾਕਟਰ ਅਕਸਰ ਆਉਂਦੇ ਹਨ ਅਤੇ ਸਿਰਫ਼ ਦਸਤਖ਼ਤ ਕਰਕੇ ਚਲੇ ਜਾਂਦੇ ਹਨ। ਹਸਪਤਾਲ ‘ਚ ਜ਼ਖਮੀ ਬੱਚਿਆਂ ਦੀ ਡ੍ਰੈਸਿੰਗ ਕਰਨ ਵਾਲਾ ਕੋਈ ਨਹੀਂ ਸੀ, ਜਿਸ ਕਾਰਨ ਲੋਕਾਂ ਦਾ ਗੁੱਸਾ ਹੋਰ ਵੀ ਵਧ ਗਿਆ।
ਸੀਐਮ ਮੋਹਨ ਯਾਦਵ ਨੇ ਮਦਦ ਦਾ ਕੀਤਾ ਐਲਾਨ
ਸੀਐਮ ਮੋਹਨ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀ ਬੱਚਿਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਗਵਾਨ ਅੱਗੇ ਅਰਦਾਸ ਹੈ ਕਿ ਉਹ ਮ੍ਰਿਤਕ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਂ ਹਾਦਸੇ ਵਿੱਚ ਜ਼ਖਮੀ ਹੋਏ ਹੋਰ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮਾਸੂਮ ਬੱਚਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਸਰਕਾਰ ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।