ਕੁਪਵਾੜਾ, 03 ਮਈ : ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਪਿਚਨਾਦ ਮਾਛਿਲ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਕਸ਼ਮੀਰ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪਠਾਨਕੋਟ ਤੋਂ ਜੰਮੂ ਤੱਕ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਦੂਜੇ ਪਾਸੇ ਇਲਾਕੇ ਦੇ ਸਾਰੇ ਮਿਲਟਰੀ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਿਛਲੇ ਦਿਨੀਂ ਪਠਾਨਕੋਟ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ 3 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ। ਜਦੋਂ ਬੀਐਸਐਫ ਵੱਲੋਂ ਰੋਕਿਆ ਗਿਆ ਤਾਂ ਉਹ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਇਸ ਦੌਰਾਨ ਖੁਫੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਤਵਾਦੀ 5 ਮਈ ਨੂੰ ਜਾਂ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹਨ। ਖੁਫੀਆ ਏਜੰਸੀ ਦੀ ਰਿਪੋਰਟ ਮੁਤਾਬਕ ਅੱਤਵਾਦੀ ਪੁਲਵਾਮਾ ਹਮਲੇ ਵਾਂਗ ਸੁਰੱਖਿਆ ਬਲਾਂ ਜਾਂ ਇਸ ਦੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਮੱਦੇਨਜ਼ਰ ਪਠਾਨਕੋਟ ਤੋਂ ਜੰਮੂ ਤੱਕ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਇੱਥੇ ਆਰਮੀ ਕੈਂਟ ਦੇ ਅੰਦਰ ਸਥਿਤ ਸੈਨਿਕ ਸਕੂਲਾਂ ਨੂੰ ਇਹਤਿਆਤ ਵਜੋਂ ਇੱਕ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੂਰੇ ਜੰਮੂ ਖੇਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਹਾਈਵੇਅ ‘ਤੇ ਪੁਲਿਸ, ਐਸਓਜੀ ਆਰਮੀ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪਠਾਨਕੋਟ ਪੁਲਿਸ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਜਾਵੇ। ਹਾਈ ਅਲਰਟ ਅਤੇ ਪਠਾਨਕੋਟ ‘ਚ ਅੱਤਵਾਦੀ ਹਮਲੇ ਵਰਗੀਆਂ ਖਬਰਾਂ ਵਿਚਾਲੇ ਪੰਜਾਬ ਪੁਲਿਸ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਪੁਲਿਸ ਦੀ ਤਰਫੋਂ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਪਠਾਨਕੋਟ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਵਿੱਚ ਹੈ। ਕੋਈ ਅਣਸੁਖਾਵੀਂ ਗਤੀਵਿਧੀ ਨਹੀਂ ਦੇਖੀ ਗਈ ਹੈ। ਫੌਜ ਦਾ ਅਭਿਆਸ ਚੱਲ ਰਿਹਾ ਹੈ।