ਨਵੀਂ ਦਿੱਲੀ, 21 ਦਸੰਬਰ : ਪੰਜਾਬ ਵਿੱਚ ਨਵੀਂ ਇੰਡਸਟਰੀਜ ਲਗਾਉਣ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਪੰਜਾਬ ਦੇ ਸਨਅਤਕਾਰਾਂ ਵੱਲੋਂ ਆਪਣੇ ਉਦਯੋਗ ਨੂੰ ਹੋਰਨਾਂ ਸੂਬਿਆਂ ਵਿੱਚ ਸਥਾਪਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹੀ ਪੰਜਾਬ ਦੇ ਸਨਅਤਕਾਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਨਅਤਕਾਰਾਂ ਨੇ ਮੁੱਖ ਮੰਤਰੀ ਯੋਗੀ ਨੂੰ ਸੂਬੇ ਦੀ ਸਥਿਤੀ ਤੋਂ ਜਾਣੂੰ ਕਰਵਾਇਆ ਅਤੇ ਕਿਹਾ ਗਿਆ ਕਿ ਪੰਜਾਬ ਵਿੱਚ ਕੰਮ ਖ਼ਤਮ ਹੋ ਗਿਆ ਹੈ। ਦਿਨੋਂ-ਦਿਨ ਵਧ ਰਹੀ ਗੁੰਡਾਗਰਦੀ ਕਾਰਨ ਪੰਜਾਬ ਵਿੱਚ ਵਪਾਰੀਆਂ ਲਈ ਕੋਈ ਵੀ ਕਾਨੂੰਨ ਨਹੀਂ ਰਿਹਾ। ਇਸ ਮੌਕੇ ਸਨਅਤਕਾਰਾਂ ਨੇ 2 ਲੱਖ 30 ਹਜ਼ਾਰ ਕਰੋੜ ਰੁਪਏ ਦਾ ਐਮਓਯੂ ਉੱਤੇ ਸਾਈਨ ਕੀਤੇ ਹਨ। ਉਨ੍ਹਾਂ ਨੇ 31 ਮਾਰਚ 2023 ਤੱਕ 5 ਲੱਖ ਕਰੋੜ ਦਾ ਨਿਵੇਸ਼ ਦਾ ਟੀਚਾ ਮਿੱਥਿਆ ਹੈ। ਦੱਸ ਦੇਈਏ ਕਿ ਏਵਨ ਸਾਈਕਲ ਦੇ ਮਾਲਕ ਓਂਕਾਰ ਸਿੰਘ ਪਾਹਵਾ, ਹੀਰੋ ਸਾਈਕਲ ਦੇ ਮਾਲਿਕ ਪੰਕਜ ਮੁੰਜਾਲ, ਉਸਵਾਲ ਦੇ ਮਾਲਕ ਕਮਲ ਉਸਵਾਲ, ਟੀਆਰ ਮਿਸ਼ਰਾ ਤੋਂ ਇਲਾਵਾ ਕਈ ਵੱਡੇ ਸਨਅਤਕਾਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਯੂਪੀ ਵਿੱਚ ਇੰਡਸਟਰੀ ਲਗਾਉਣ ਉੱਤੇ ਚਰਚਾ ਕੀਤੀ ਹੈ। ਯੂਪੀ ਸਰਕਾਰ ਨੇ ਉਦਯੋਗਾਂ ਨੂੰ ਸਸਤੀਆਂ ਦਰਾਂ 'ਤੇ 24 ਘੰਟੇ ਬਿਜਲੀ, ਕਾਨੂੰਨ ਵਿਵਸਥਾ ਦੀ ਗਰੰਟੀ ਤੇ ਹੋਰ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਹੈ। ਉਹ 15 ਦਿਨ ਯੂਪੀ ਵਿੱਚ ਰਹੇ ਅਤੇ ਉੱਥੇ ਚੱਲ ਰਹੇ ਉਦਯੋਗਾਂ ਨੂੰ ਦੇਖਿਆ। ਮਿਸ਼ਰਾ ਨੇ ਕਿਹਾ ਕਿ 18 ਦਸੰਬਰ ਦੀ ਸ਼ਾਮ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਇਹ ਬੈਠਕ ਕਰੀਬ 2 ਘੰਟੇ ਚੱਲੀ ਅਤੇ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ। ਭ੍ਰਿਸ਼ਟਾਚਾਰ ਦੀ ਸਥਿਤੀ ਅਜਿਹੀ ਹੈ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਅਹਿਮ ਅਹੁਦਿਆਂ 'ਤੇ ਬਿਠਾਇਆ ਗਿਆ ਹੈ, ਜਿਸ ਕਾਰਨ ਉਦਯੋਗ ਪੰਜਾਬ ਤੋਂ ਹਿਜਰਤ ਕਰਨ ਲਈ ਮਜਬੂਰ ਹਨ।