
ਨਵੀਂ ਦਿੱਲੀ, 21 ਮਈ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਹੈ ਕਿ ਰਾਸ਼ਟਰਪਤੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੂੰ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਜਾ ਰਹੇ ਹਨ। ਲੋਕ ਸਭਾ ਸਕੱਤਰੇਤ ਨੇ ਦਸਿਆ ਸੀ ਕਿ ਨਵੀਂ ਬਣੀ ਇਮਾਰਤ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਦਾ ਉਦਘਾਟਨ ਕਰਨ ਦੀ ਅਪੀਲ ਕੀਤੀ। ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਲਈ 28 ਮਈ ਦੀ ਤਰੀਕ ਤੈਅ ਕੀਤੀ ਗਈ ਹੈ। ਇਸੇ ਦਿਨ ਹਿੰਦੂਤਵ ਵਿਚਾਰਧਾਰਕ ਵੀਡੀ ਸਾਵਰਕਰ ਦਾ ਜਨਮ ਦਿਨ ਹੈ ਅਤੇ ਕਈ ਵਿਰੋਧੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਇਸ ਨੂੰ ਰਾਸ਼ਟਰ ਨਿਰਮਾਤਾਵਾਂ ਦਾ 'ਅਪਮਾਨ' ਕਰਾਰ ਦਿਤਾ ਹੈ। ਸੰਸਦ ਭਵਨ ਬਾਰੇ ਲੋਕ ਸਭਾ ਸਕੱਤਰੇਤ ਵਲੋਂ ਤਿਆਰ ਕੀਤੇ ਗਏ ਕਿਤਾਬਚੇ ਅਨੁਸਾਰ ਨਵੇਂ ਸੰਸਦ ਭਵਨ ਦੇ ਲੋਕ ਸਭਾ ਚੈਂਬਰ ਵਿਚ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ ਅਤੇ ਰਾਜ ਸਭਾ ਵਿਚ 384 ਮੈਂਬਰ ਬੈਠ ਸਕਣਗੇ। ਸਾਂਝੇ ਇਜਲਾਸ ਦੌਰਾਨ ਸਦਨ ਵਿਚ 1,272 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਪ੍ਰਧਾਨ ਮੰਤਰੀ ਨੇ 10 ਦਸੰਬਰ 2020 ਨੂੰ ਨਵੀਂ ਸੰਸਦ ਭਵਨ ਦਾ ਨੀਂਹ ਪੱਥਰ ਰਖਿਆ ਸੀ।