
ਨਵੀਂ ਦਿੱਲੀ, 30 ਜਨਵਰੀ (ਭੁਪਿੰਦਰ ਸਿੰਘ ਧਨੇਰ) : "ਘੱਟ ਗਿਣਤੀਆਂ ‘ਤੇ ਹਮਲੇ, ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਦੀ ਸਾਜ਼ਿਸ਼, ਤੇ ਜ਼ਾਤੀ-ਧਰਮ ਦੇ ਆਧਾਰ ‘ਤੇ ਵੰਡ – ਇਹ ਸਭ ਇੱਕ ਸੋਚੀ ਸਮਝੀ ਯੋਜਨਾ ਦਾ ਹਿੱਸਾ ਹਨ," ਇਹ ਗੰਭੀਰ ਦਾਅਵਾ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਰਮੇਸ਼ ਕੁਮਾਰ ਬਾਲੀ ਨੇ ਕੀਤਾ। ਡਾ. ਬਾਲੀ ਨੇ ਆਸ਼ੰਕਾ ਜਤਾਈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ ਇਸਦੇ ਟੁਕੜੇ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ‘ਚ ਦਹਿਸ਼ਤ, ਗੈਂਗਸਟਰ ਗਤੀਵਿਧੀਆਂ, ਤੇ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲੇ – ਇਹ ਸਭ ਕੇਂਦਰ ਦੀ ਇੱਕ ਸੋਚੀ ਸਮਝੀ ਰਣਨੀਤੀ ਹੈ, ਜਿਸਦਾ ਅਸਲ ਮਕਸਦ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨਾ ਹੈ। ਡਾ. ਬਾਲੀ ਨੇ ਜਲੰਧਰ ਵਿੱਚ ਤੋੜੇ ਗਏ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੇ ਮਾਮਲੇ ‘ਤੇ ਵੀ ਗੁੱਸਾ ਜਤਾਉਂਦੇ ਹੋਏ ਕਿਹਾ ਕਿ "ਇਹ ਘਟਨਾ ਕੇਵਲ ਇੱਕ ਬੁੱਤ ਤੋੜਨ ਦੀ ਕਾਰਵਾਈ ਨਹੀਂ, ਸਗੋਂ ਇੱਕ ਵੱਡੀ ਸੋਚ ਦੇ ਤਹਿਤ ਦਲਿਤ ਤੇ ਘੱਟ ਗਿਣਤੀਆਂ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਹੈ।" ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਸਿੱਖ, ਮੁਸਲਮਾਨ, ਦਲਿਤ, ਬੋਧ, ਤਰਕਸ਼ੀਲ ਅਤੇ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, "ਇਹ ਸਮਾਂ ਆਪਸੀ ਫਰਕ ਭੁਲਾ ਕੇ ਇਕੱਠੇ ਹੋਣ ਦਾ ਹੈ, ਤਾਂਕਿ ਮਨੂਵਾਦੀ ਸੋਚ ਨੂੰ ਮੂੰਹ-ਤੋੜ ਜਵਾਬ ਮਿਲ ਸਕੇ।"