ਨਵੀਂ ਦਿੱਲੀ, 28 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 18 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 91 ਐਫਐਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਆਲ ਇੰਡੀਆ ਰੇਡੀਓ ਦੀ ਐਫਐਮ ਸੇਵਾ ਦਾ ਇਹ ਵਿਸਤਾਰ ਆਲ ਇੰਡੀਆ ਐਫਐਮ ਬਣਨ ਵੱਲ ਇੱਕ ਅਹਿਮ ਕਦਮ ਹੈ। ਆਲ ਇੰਡੀਆ ਰੇਡੀਓ ਦੇ 91 ਐਫਐਮ ਪ੍ਰਸਾਰਣ ਦਾ ਇਹ ਲਾਂਚ ਦੇਸ਼ ਦੇ 85 ਜ਼ਿਲ੍ਹਿਆਂ ਦੇ 2 ਕਰੋੜ ਲੋਕਾਂ ਲਈ ਤੋਹਫੇ ਵਾਂਗ ਹੈ। ਪੀਐੱਮ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਮੈਂ ਰੇਡੀਓ 'ਤੇ 'ਮਨ ਕੀ ਬਾਤ' ਦਾ 100ਵਾਂ ਐਪੀਸੋਡ ਕਰਨ ਜਾ ਰਿਹਾ ਹਾਂ। ‘ਮਨ ਕੀ ਬਾਤ’ ਦਾ ਇਹ ਅਨੁਭਵ, ਦੇਸ਼ ਵਾਸੀਆਂ ਨਾਲ ਇਸ ਤਰ੍ਹਾਂ ਦਾ ਜਜ਼ਬਾਤੀ ਸਬੰਧ ਰੇਡੀਓ ਰਾਹੀਂ ਹੀ ਸੰਭਵ ਹੋਇਆ। ਇਸ ਰਾਹੀਂ ਮੈਂ ਦੇਸ਼ ਵਾਸੀਆਂ ਦੀ ਤਾਕਤ ਅਤੇ ਸਮੂਹਿਕ ਫਰਜ਼ ਨਾਲ ਜੁੜਿਆ ਰਿਹਾ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਕਦਮ ਹੈ ਕਿ ਅੱਜ 91 ਐਫਐਮ ਟਰਾਂਸਮੀਟਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਮਨੋਰੰਜਨ, ਖੇਡਾਂ ਅਤੇ ਖੇਤੀ ਨਾਲ ਸਬੰਧਤ ਜਾਣਕਾਰੀ ਸਥਾਨਕ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਮਦਦਗਾਰ ਹੋਵੇਗਾ। ਮਨ ਕੀ ਬਾਤ ਨੇ ਰੇਡੀਓ ਦੀ ਲੋਕਪ੍ਰਿਅਤਾ ਵਿੱਚ ਵਾਧਾ ਕੀਤਾ ਹੈ।