ਤਿਰੂਵਨੰਤਪੁਰਮ, 04 ਜੂਨ : ਦੇਸ਼ ਦੇ ਵਕੀਲਾਂ ਦੀ ਜਥੇਬੰਦੀ "ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼" ਦੀ ਨੈਸ਼ਨਲ ਕਾਨਫਰੰਸ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਚੱਲ ਰਹੀ ਹੈ। ਇਸ ਕਾਨਫਰੰਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਐਡਵੋਕੇਟ ਆਰ. ਐਸ. ਚੀਮਾ ਵੱਲੋਂ ਐਸੋਸੀਏਸ਼ਨ ਦਾ ਝੰਡਾ ਲਹਿਰਾਅ ਕੇ ਕੀਤੀ ਗਈ। ਡੈਲੀਗੇਟਾਂ ਦਾ ਸੁਆਗਤ ਐਡਵੋਕੇਟ ਕੇ. ਪੀ. ਜਯਚੰਦਰਾ ਵੱਲੋਂ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਕੇਰਲਾ ਦੇ ਮੁੱਖ ਮੰਤਰੀ ਕਾਮਰੇਡ ਪਿਨਾਰਾਈ ਵਿਜਯਨ ਨੇ ਕੀਤਾ। ਦੇਸ਼ ਭਰ ਤੋਂ ਆਏ ਵਕੀਲਾਂ ਦੀ ਕਾਨਫਰੰਸ ਦਾ ਉਦਘਾਟਨ ਕਰਨ ਉਪਰੰਤ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਅੱਜ ਜਿਸ ਸਮੇਂ 'ਚ ਵਕੀਲਾਂ ਦੀ ਸਿਰਮੌਰ ਜਥੇਬੰਦੀ "ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼" ਆਪਣੀ ਨੈਸ਼ਨਲ ਕਾਨਫਰੰਸ ਕਰ ਰਹੀ ਹੈ,ਉਸ ਸਮੇਂ ਦੇਸ਼ 'ਚ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ 'ਤੇ ਸੋਚਣ ਦੀ ਵਧੇਰੇ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੱਡੇ ਪੱਧਰ 'ਤੇ ਰਾਜਸੀ, ਆਰਥਿਕ ਅਤੇ ਸਮਾਜਿਕ ਉਤਰਾਅ-ਚੜ੍ਹਾਅ ਹੋ ਰਹੇ ਹਨ। ਦੇਸ਼ ਦੀ ਕੇਂਦਰ ਦੀ ਸੱਤਾ 'ਤੇ ਕਾਬਜ਼ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ,ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਬਣਾ ਰਹੀ ਹੈ ਅਤੇ ਦੇਸ਼ ਦੀ ਪਾਰਲੀਮੈਂਟ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਦੇਸ਼ ਅੰਦਰ ਵਿਰੋਧੀ ਧਿਰ ਤੋਂ ਆਪਣਾ ਪੱਖ ਤੱਕ ਰੱਖਣ ਦਾ ਹੱਕ ਵੀ ਖੋਹ ਲਿਆ ਗਿਆ ਹੈ ਅਤੇ ਆਪਣੀ ਮਨ ਮਰਜ਼ੀ ਨਾਲ ਦੇਸ਼ ਦੀ ਸੰਸਦ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਅੰਦਰ ਜੀਡੀਪੀ ਦੀ ਵਿਕਾਸ ਦਰ ਵਧਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਦੇਸ਼ ਦੇ ਕੁਝ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਵਿੱਚ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਦੇਸ਼ ਅੰਦਰ ਲਗਾਤਾਰ ਵਧ ਰਹੀ ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਰਲਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਦੇਸ਼ ਦੀ ਆਮ ਜਨਤਾ ਨੂੰ ਉਪਰ ਚੁੱਕਣ ਲਈ ਦੇਸ਼ ਦੇ ਬੁੱਧੀਜੀਵੀਆਂ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਵੱਲੋਂ ਕਾਨਫਰੰਸ ਦੇ ਦਿੱਤੇ ਗਏ ਨਾਅਰੇ "ਅਸੀਂ ਸੰਵਿਧਾਨ ਲਈ" ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵਕੀਲ ਭਾਈਚਾਰੇ ਨੂੰ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਪਵੇਗਾ,ਕਿਉਂਕਿ ਦੇਸ਼ ਦੀ ਵੱਡੀ ਗਿਣਤੀ ਵਿੱਚ ਜਨਤਾ ਨੂੰ ਕੇਂਦਰ ਦੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਨੇ ਆਰਥਿਕ ਤੌਰ 'ਤੇ ਪਛਾੜ ਕੇ ਰੱਖ ਦਿੱਤਾ ਹੈ। ਇਸ ਮੌਕੇ ਬੋਲਦਿਆਂ ਸੀਪੀਆਈ ਦੇ ਰਾਜ ਸਭਾ ਮੈਂਬਰ ਐਡਵੋਕੇਟ ਬਿਨੋਏ ਵਿਸ਼ਵਮ ਨੇ ਕਿਹਾ ਕਿ ਦੇਸ਼ ਇੱਕ ਨਵੀਂ ਤਬਦੀਲੀ ਵੱਲ ਮੋੜਾ ਕੱਟ ਰਿਹਾ ਹੈ, ਦੇਸ਼ ਦੀ ਜਨਤਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਉਸ ਨੂੰ ਆਰਥਿਕ ਤੌਰ 'ਤੇ ਉੱਚਾ ਚੁੱਕਣ ਲਈ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਰੁਜ਼ਗਾਰ, ਵਿਦਿਆਰਥੀਆਂ ਦੀ ਸਿੱਖਿਆ ਅਤੇ ਆਮ ਲੋਕਾਂ ਦੇ ਇਲਾਜ ਦੀ ਗਾਰੰਟੀ ਲਈ ਲੋਕਾਂ ਨੂੰ ਰਾਜਸੀ ਤੌਰ 'ਤੇ ਲਾਮਬੰਦ ਕਰਨਾ ਹੋਵੇਗਾ। ਉਨ੍ਹਾਂ ਇਸ ਮੌਕੇ ਵਕੀਲ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਕੀਲਾਂ ਦੀ ਅਹਿਮ ਭੂਮਿਕਾ ਹੈ ਤੇ ਉਹ ਭਾਰਤ ਦੀ ਨਿਆਂ ਪਾਲਿਕਾ ਨੂੰ ਬਚਾਉਣ ਲਈ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ। ਐਡਵੋਕਟ ਬਿਨੋਏ ਵਿਸ਼ਵਮ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਵੇਚਣ ਲਈ ਕੇਂਦਰ ਸਰਕਾਰ ਵੱਲੋਂ ਨੀਤੀਆਂ ਬਣਾਈਆਂ ਗਈਆਂ ਅਤੇ ਦੇਸ਼ ਦੇ ਵੱਡੇ ਸਰਕਾਰੀ ਅਦਾਰੇ ਵੇਚ ਦਿੱਤੇ ਗਏ, ਹੁਣ ਦੇਸ਼ ਦੇ ਲੋਕਾਂ ਨੂੰ ਨਿਆਂ ਦਿਵਾਉਣ ਵਾਲੀ ਨਿਆਂ ਪਾਲਿਕਾ 'ਤੇ ਦਬਾਅ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਹੱਥ ਕੰਡੇ ਵਰਤੇ ਜਾ ਰਹੇ ਹਨ,ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਦੇਸ਼ ਦੀ ਨਿਆਂ ਪਾਲਿਕਾ 'ਚ ਬੇਲੋੜੀ ਰਾਜਸੀ ਦਖ਼ਲ-ਅੰਦਾਜ਼ੀ ਨੂੰ ਵਕੀਲ ਭਾਈਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੀ ਨੈਸ਼ਨਲ ਕਾਨਫਰੰਸ ਵਿੱਚ ਪੰਜਾਬ ਤੋਂ ਹਿੱਸਾ ਲੈਣ ਵਾਲੇ ਡੈਲੀਗੇਟਾਂ 'ਚ ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਹਰਚੰਦ ਬਾਠ, ਜੋਗਿੰਦਰ ਸ਼ਰਮਾ, ਜਸਪਾਲ ਸਿੰਘ ਦੱਪਰ, ਕਰਮਜੀਤ ਸਿੰਘ ਰਾਜਪੁਰਾ, ਨਰੇਸ਼ ਕੁਮਾਰ ਬਾਂਸਲ,ਬੈਨੀ ਥਾਮਸ, ਪਰਮਜੀਤ ਢਾਬਾਂ,ਗੁਰਵਿੰਦਰ ਸਿੰਘ ਔਲਖ, ਵਰੂਣ ਸ਼ਰਮਾ, ਸੁਖਚੈਨ ਸਿੰਘ ਸੋਢੀ,ਸਨੇਹਪ੍ਰੀਤ ਸਿੰਘ,ਹਰਮਨ ਚਾਹਲ, ਨਵਜੋਤ ਸ਼ਰਮਾ, ਵਿਕਰਮਜੀਤ ਸਿੰਘ ਦੱਪਰ ਅਤੇ ਗਿਆਨ ਨਾਲ ਸਿੰਘ ਸ਼ਾਮਲ ਹੋਏ।