ਨਵੀਂ ਦਿੱਲੀ, 27 ਮਈ : ਜੇਕਰ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੁੰਦੇ ਹਨ, ਤਾਂ ਇਹ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਸਪੱਸ਼ਟ ਸੰਦੇਸ਼ ਜਾਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਹਿਲਵਾਨ ਵਿਨੇਸ਼ ਫੋਗਾਟ ਕੀਤਾ, ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਅਪਣੀ ਮੰਗ ਨੂੰ ਲੈ ਕੇ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਵਿਨੇਸ਼ ਤੋਂ ਪੁਛਿਆ ਗਿਆ ਕਿ ਜੇਕਰ ਕੁਸ਼ਤੀ ਸੰਘ ਦੇ ਮੁਖੀ ਉਦਘਾਟਨ ਦੇ ਦੌਰਾਨ ਮੌਜੂਦ ਹੁੰਦੇ ਹਨ ਤਾਂ ਕੀ ਸੰਦੇਸ਼ ਜਾਵੇਗਾ, ਉਨ੍ਹਾਂ ਕਿਹਾ, "ਜੇਕਰ ਬ੍ਰਿਜ ਭੂਸ਼ਣ 28 ਮਈ ਨੂੰ ਨਵੀਂ ਸੰਸਦ ਵਿਚ ਮੌਜੂਦ ਹੁੰਦੇ ਹਨ, ਤਾਂ ਪੂਰੇ ਦੇਸ਼ ਨੂੰ ਅਪਣੇ ਆਪ ਸੰਦੇਸ਼ ਜਾਵੇਗਾ।" ਵਿਨੇਸ਼ ਨੇ ਕਿਹਾ,"ਮੈਨੂੰ ਨਹੀਂ ਪਤਾ ਕਿ ਸਰਕਾਰ ਵਿਚ ਅੰਦਰ ਕੀ ਚੱਲ ਰਿਹਾ ਹੈ ਪਰ ਕੋਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਸਹੀ ਨਹੀਂ ਹੈ। ਉਹ ਦੇਸ਼ ਦੀਆਂ ਔਰਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ”। ਉਲੰਪਿਕ ਤਮਗ਼ਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨੇ 'ਤੇ ਹਨ। ਉਨ੍ਹਾਂ ਨੇ ਬ੍ਰਿਜ ਭੂਸ਼ਣ 'ਤੇ ਇਕ ਨਾਬਾਲਗ ਸਮੇਤ ਸੱਤ ਮਹਿਲਾ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।