ਅੰਮ੍ਰਿਤਸ਼ਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਤ ਸੂਰਤ ਹਾਕੀ ਟੀਮ ਨੇ ਦੇਸ਼ ਦੀਆਂ 32 ਟੀਮਾਂ ਨੂੰ ਹਰਾ ਕੇ ਮਹਾਰਾਸ਼ਟਰ ਵਿਖੇ ਹੋਈ ਆਲ ਇੰਡੀਆ ਚੈਂਪੀਅਨਸ਼ਿਪ ਦੇ ਕਬਜਾ ਕਰ ਲਿਆ ਹੈ। ਇਸ ਜਿੱਤ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਸਕੱਤਰ ਡਾ. ਤਜਿੰਦਰ ਸਿੰਘ ਪੱਡਾ ਅਤੇ ਅਡਵਾਈਜ਼ਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਰਤ ਦੇ ਪ੍ਰਸਿੱਧ ਸ਼ਹਿਰ ਪੂਣਾ (ਮਹਾਰਾਸ਼ਟਰ) ਵਿਖੇ ਐਸ.ਐਨ.ਬੀ.ਪੀ. ਹਾਕੀ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਤੋਂ 32 ਨਾਮਵਰ ਹਾਕੀ ਟੀਮਾਂ ਨੇ ਸ਼ਿਰਕਤ ਕੀਤੀ, ਜਿਸ ਦੌਰਾਨ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਮਣੀਪੁਰ ਨੂੰ 12-0, ਨਾਵਲ ਟਾਟਾ ਨੂੰ 2-0 ਕੁਆਰਟਰ ਫਾਈਨਲ ਵਿੱਚ ਸੇਲ ਨੂੰ 5-0 ਨਾਲ ਤੇ ਸੈਮੀਫਾਈਨਲ ਮੁਕਾਬਲੇ ਵਿੱਚ ਅਨਵਰ ਹਾਕੀ ਅਕੈਡਮੀ ਯੂਪੀ ਨੂੰ 4-0 ਨਾਲ ਹਰਾਇਆ। ਫਾਈਨਲ ਮੁਕਾਬਲਾ ਚੈਂਪੀਅਨਸ਼ਿਪ ਦਾ ਭਾਰਤ ਦੀ ਪ੍ਰਸਿੱਧ ਹਾਕੀ ਅਕੈਡਮੀ ਟੀਮ ਧਿਆਨ ਚੰਦ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਕੇ ਸ਼੍ਰੋਮਣੀ ਕਮੇਟੀ ਦੇ ਨਾਮ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੇ ਫਰੀਦਕੋਟ ਵਿਖੇ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕੋਚ ਤੇ ਅਡਵਾਈਜ਼ਰ ਇਨ੍ਹਾਂ ਨੌਜਵਾਨਾਂ ਨੂੰ ਹਾਕੀ ਖੇਡ ਪ੍ਰਤੀ ਤਿਆਰ ਕਰਦੇ ਹੋਏ ਦਿਨ ਰਾਤ ਮਿਹਨਤ ਕਰਵਾ ਰਹੇ ਹਨ ਜਿਸ ਦੇ ਨਤੀਜੇ ਉਨ੍ਹਾਂ ਚੈਂਪੀਅਨਸ਼ਿਪ ਜਿੱਤਣ ਤੇ ਆਏ ਹਨ ਤੇ ਸ਼੍ਰੋਮਣੀ ਕਮੇਟੀ ਦਾ ਨਾਮ ਪੂਰੇ ਭਾਰਤ ਵਿੱਚ ਨਹੀਂ ਪੂਰੀ ਦੁਨੀਆਂ ਦੇ ਖੇਡ ਜਗਤ ਵਿਚ ਸ਼ਾਮਲ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੀ ਹਾਕੀ ਟੀਮ ਦੇ ਕਪਤਾਨ ਕਮਲਜੀਤ ਸਿੰਘ ਤੇ ਜਗਜੀਤ ਸਿੰਘ ਤੇ ਟੀਮ ਦੇ ਹੋਰ ਹਾਕੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਸਾਰੇ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣੀ ਟੀਮ ਦਾ ਨਾਮ ਰੌਸ਼ਨ ਕੀਤਾ। ਖੇਡ ਸਕੱਤਰ ਤੇਜਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਹਾਕੀ ਅਡਵਾਈਜ਼ਰ ਗੁਰਮੀਤ ਸਿੰਘ, ਕੋਚ ਪ੍ਰੇਮ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ ਖਿਡਾਰੀਆਂ ਨੂੰ ਚੰਗੇ ਤਰੀਕੇ ਤਿਆਰੀ ਕਰਵਾਈ ਜਾਂਦੀ ਹੈ। ਜਿਕਰਯੋਗ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਦੇ ਮਕਸ਼ਦ ਅਤੇ ਖੇਡਾਂ ਨਾਲ ਜੋੜਨ ਲਈ ਵੱਖ ਵੱਖ ਖੇਡਾਂ ਦੀਆਂ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਆਪਣੀ ਖੁਸ਼ੀ ਜਾਹਰ ਕੀਤੀ ਅਤੇ ਕਿਹਾ ਕਿ ਸਿੱਖ ਕੌਮ ਲਈ ਇੱਕ ਵੱਡੀ ਮਾਣ ਵਾਲੀ ਗੱਲ ਹੈ।