ਦਿੱਲੀ-ਐਨਸੀਆਰ ਵਿੱਚ ਪਿਆ ਭਾਰੀ ਮੀਂਹ, 9 ਲੋਕਾਂ ਦੀ ਮੌਤ

ਨਵੀਂ ਦਿੱਲੀ, 1 ਅਗਸਤ 2024 : ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪਿਆ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਨਾਗਰਿਕ ਘੰਟਿਆਂਬੱਧੀ ਫਸੇ ਰਹੇ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਚੋਂ ਦਿੱਲੀ ਵਿੱਚ ਚਾਰ, ਗੁਰੂਗ੍ਰਾਮ ਵਿੱਚ ਤਿੰਨ ਅਤੇ ਗ੍ਰੇਟਰ ਨੋਇਡਾ ਵਿੱਚ ਦੋ ਜਾਨਾਂ ਗਈਆਂ ਹਨ। ਦਿੱਲੀ ਦੇ ਹਵਾਈ ਅੱਡੇ ‘ਤੇ 10 ਜਹਾਜ਼ਾਂ ਨੇ ਲੈਂਡ ਕਰਨਾ ਸੀ, ਪਰ ਭਾਰੀ ਮੀਂਹ ਕਾਰਨ ਇਨ੍ਹਾਂ ਸਾਰੀਆਂ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਅੱਠ ਉਡਾਣਾਂ ਨੂੰ ਜੈਪੁਰ ਅਤੇ ਦੋ ਨੂੰ ਲਖਨਊ ਵੱਲ ਮੋੜਿਆ ਗਿਆ। ਇੰਡੀਗੋ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਫਲਾਈਟ ਸੰਚਾਲਨ ਅਗਲੇ ਕੁਝ ਘੰਟਿਆਂ ਤੱਕ ਪ੍ਰਭਾਵਿਤ ਰਹਿ ਸਕਦਾ ਹੈ। ਏਅਰਲਾਈਨ ਵੱਲੋਂ ਐਕਸ ‘ਤੇ ਦਿੱਤੇ ਬਿਆਨ ਵਿੱਚ ਕਿਹਾ ਗਿਆ, “ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਡਿਪਾਰਚਰ ਅਤੇ ਅਰਾਈਵਲ ਸ਼ੈਡਿਊਲ ਵਿੱਚ ਅੱਜ ਵੀ ਦੇਰੀ ਹੋ ਰਹੀ ਹੈ, ਜੋ ਅਗਲੇ ਦਿਨ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਰਾਤ ਭਰ ਇੰਤਜ਼ਾਰ ਕਰਨਾ ਮੁਸ਼ਕਲ ਅਤੇ ਅਸੁਵਿਧਾਜਨਕ ਹੋ ਸਕਦਾ ਹੈ, ਅਤੇ ਸਾਨੂੰ ਇਸ ਕਾਰਨ ਹੋਣ ਵਾਲੀ ਬੇਅਰਾਮੀ ਲਈ ਦਿਲੋਂ ਅਫ਼ਸੋਸ ਹੈ।

ਦਿੱਲੀ ‘ਚ ਰੈੱਡ ਅਲਰਟ, ਸਕੂਲ ਬੰਦ
ਦਿੱਲੀ ਵਿੱਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਨਾਲ ਹੀ ਵੀਰਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਸਬੰਧਿਤ ਅਧਿਕਾਰੀਆਂ ਮੁਤਾਬਕ, 5 ਅਗਸਤ ਤੱਕ ਤੇਜ਼ ਹਵਾਵਾਂ ਦੇ ਦਿੱਲੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਉੱਧਰ ਵੀਰਵਾਰ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਬੱਦਲਵਾਈ ਹੈ। ਕਈ ਥਾਵਾਂ ‘ਤੇ ਕਾਲੇ ਬੱਦਲ ਛਾਏ ਹੋਏ ਹਨ। ਐਨਸੀਆਰ ਖੇਤਰ ਵਿੱਚ ਵੀ ਇਹੋ ਸਥਿਤੀ ਹੈ। ਕਿਸੇ ਵੀ ਸਮੇਂ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਦੁਪਹਿਰ ਤਿੰਨ ਘੰਟੇ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਸਰਕਾਰ ਨੇ 1 ਅਗਸਤ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਦਿੱਲੀ ਦੇ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ ਹੈ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਰਾਸ਼ਟਰੀ ਰਾਜਧਾਨੀ ਦੇ ਮੁੱਖ ਮੌਸਮ ਸਟੇਸ਼ਨ ਸਫਦਰਜੰਗ ‘ਚ ਸ਼ਾਮ 5.30 ਤੋਂ 8.30 ਵਜੇ ਦਰਮਿਆਨ 79.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹੋਰ ਖੇਤਰਾਂ ਜਿਵੇਂ ਕਿ ਮਯੂਰ ਵਿਹਾਰ ਵਿੱਚ 119 ਮਿਲੀਮੀਟਰ, ਪੂਸਾ ਵਿੱਚ 66.5 ਮਿਲੀਮੀਟਰ, ਦਿੱਲੀ ਯੂਨੀਵਰਸਿਟੀ ਵਿੱਚ 77.5 ਮਿਲੀਮੀਟਰ, ਅਤੇ ਪਾਲਮ ਆਬਜ਼ਰਵੇਟਰੀ ਵਿੱਚ 43.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਾਲਾਂਕਿ, ਇਸ ਤੋਂ ਪਹਿਲਾਂ ਦਿਨ ਦੌਰਾਨ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਦਿੱਲੀ-ਐਨਸੀਆਰ ਵਿੱਚ ਮੀਂਹ ਨਾਲ ਮੌਤਾਂ
ਦਿੱਲੀ ਦੇ ਗਾਜ਼ੀਪੁਰ ਇਲਾਕੇ ਵਿੱਚ ਇੱਕ ਔਰਤ ਅਤੇ ਉਸਦਾ ਬੱਚਾ ਪਾਣੀ ਨਾਲ ਭਰੇ ਨਾਲੇ ਵਿੱਚ ਫਿਸਲਣ ਕਾਰਨ ਡੁੱਬ ਗਏ। ਪੁਲਿਸ ਦੇ ਅਨੁਸਾਰ, ਤਨੂਜਾ (22) ਅਤੇ ਉਸਦਾ ਤਿੰਨ ਸਾਲਾ ਬੇਟਾ ਇੱਕ ਹਫਤਾਵਾਰੀ ਬਾਜ਼ਾਰ ਤੋਂ ਘਰੇਲੂ ਸਮਾਨ ਖਰੀਦਣ ਲਈ ਨਿਕਲੇ ਸਨ ਤਾਂ ਘਰ ਪਰਤਣ ਵੇਲ੍ਹੇ ਉਹ ਪਾਣੀ ਨਾਲ ਭਰੇ ਨਾਲੇ ਵਿੱਚ ਡਿੱਗ ਕੇ ਡੁੱਬ ਗਏ। ਪੁਲਿਸ ਨੇ ਦੱਸਿਆ ਕਿ ਸੜਕ ਕਿਨਾਰੇ ਛੇ ਫੁੱਟ ਚੌੜੇ ਅਤੇ 15 ਫੁੱਟ ਡੂੰਘੇ ਨਾਲੇ ਦਾ ਨਿਰਮਾਣ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਭਾਰੀ ਮੀਂਹ ਦੌਰਾਨ ਮਕਾਨ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਿੰਦਾਪੁਰ ਖੇਤਰ ਵਿੱਚ, ਇੱਕ 12 ਸਾਲ ਦਾ ਬੱਚਾ – ਟਿਊਸ਼ਨ ਤੋਂ ਘਰ ਪਰਤ ਰਿਹਾ ਸੀ ਕਿ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਗੁਰੂਗ੍ਰਾਮ ‘ਚ ਭਾਰੀ ਮੀਂਹ ਤੋਂ ਬਾਅਦ ਹਾਈ ਟੈਂਸ਼ਨ ਤਾਰ ਦੇ ਸੰਪਰਕ ‘ਚ ਆਉਣ ਕਾਰਨ ਕਰੰਟ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਗ੍ਰੇਟਰ ਨੋਇਡਾ ‘ਚ ਦਾਦਰੀ ਇਲਾਕੇ ‘ਚ ਕੰਧ ਡਿੱਗਣ ਨਾਲ ਦੋ ਦੀ ਮੌਤ ਹੋ ਗਈ।

ਘਰ ਅਤੇ ਸਕੂਲ ਦੀ ਕੰਧ ਢਹੀ
ਲਗਾਤਾਰ ਬਾਰਿਸ਼ ਕਾਰਨ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਘਰ ਢਹਿ-ਢੇਰੀ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਭਾਰੀ ਮੀਂਹ ਦੌਰਾਨ ਮੌਕੇ ਤੇ ਪਹੁੰਚਣ ਦੌਰਾਨ ਭਾਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਵਸੰਤ ਕੁੰਜ ਵਿੱਚ ਇੱਕ ਹੋਰ ਘਟਨਾ ਵਿੱਚ ਕੰਧ ਡਿੱਗਣ ਨਾਲ ਇੱਕ ਔਰਤ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ, ਦਰਿਆਗੰਜ ਵਿੱਚ ਇੱਕ ਨਿੱਜੀ ਸਕੂਲ ਦੀ ਕੰਧ ਭਾਰੀ ਬਾਰਿਸ਼ ਦੇ ਦੌਰਾਨ ਡਿੱਗ ਗਈ, ਜਿਸ ਨਾਲ ਨੇੜ ਖੜ੍ਹੀ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ। ਨਿਊਜ਼ ਏਜੰਸੀ ਏਐਨਆਈ ਦੁਆਰਾ ਸਾਂਝੇ ਕੀਤੇ ਗਏ ਇੱਕ ਵਿਜ਼ੂਅਲ ਵਿੱਚ ਦਿਖਾਇਆ ਗਿਆ ਹੈ ਕਿ ਘਟਨਾ ਕਾਰਨ ਕਾਰ ਲਗਭਗ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।

ਰਾਜਧਾਨੀ ਵਿੱਚ ਟ੍ਰੈਫਿਕ ਜਾਮ
ਭਾਰੀ ਬਾਰਿਸ਼ ਕਾਰਨ ਦਿੱਲੀ-ਐਨਸੀਆਰ ਦੇ ਕਈ ਮੁੱਖ ਹਿੱਸੇ ਪਾਣੀ ਵਿੱਚ ਡੁੱਬ ਗਏ, ਅੰਡਰਪਾਸ ਪਾਣੀ ਵਿੱਚ ਡੁੱਬ ਗਏ। ਲੁਟੀਅਨਜ਼ ਦਿੱਲੀ ਅਤੇ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਅਤੇ ਗਾਜ਼ੀਆਬਾਦ ਵੱਲ ਜਾਣ ਵਾਲੀਆਂ ਥਾਵਾਂ ‘ਤੇ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਗਈ। ਓਲਡ ਰਜਿੰਦਰ ਨਗਰ, ਜਿੱਥੇ ਇੱਕ ਕੋਚਿੰਗ ਇੰਸਟੀਚਿਊਟ ਦੀ ਬੇਸਮੈਂਟ ਵਿੱਚ ਹੜ੍ਹ ਆਉਣ ਕਾਰਨ ਤਿੰਨ ਯੂਪੀਐਸਸੀ ਪ੍ਰੀਖਿਆਰਥੀਆਂ ਦੀ ਮੌਤ ਦੇ ਵਿਰੋਧ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ, ਗੋਡੇ ਗੋਡੇ ਪਾਣੀ ਵਿੱਚ ਡੁੱਬ ਗਿਆ। ਮੱਧ ਦਿੱਲੀ ਦੇ ਕਨਾਟ ਪਲੇਸ ਵਿੱਚ ਕਈ ਸ਼ੋਅਰੂਮਾਂ ਅਤੇ ਰੈਸਟੋਰੈਂਟਾਂ ਵਿੱਚ ਪਾਣੀ ਵੜ ਗਿਆ। ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਯਾਤਰੀਆਂ ਨੂੰ ਕੁਝ ਸੜਕਾਂ ਤੇ ਜਾਣ ਤੋਂ ਬਚਣ ਲਈ ਕਿਹਾ ਹੈ।