ਸ਼ਾਂਕਸੀ, 16 ਨਵੰਬਰ : ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿਚ ਵੀਰਵਾਰ ਨੂੰ ਇਕ ਕੋਲਾ ਮਾਈਨਿੰਗ ਕੰਪਨੀ ਦੀ ਇਮਾਰਤ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿਤੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇਹ ਅੱਗ ਲਯੁਲਿਯਾਂਗ ਸ਼ਹਿਰ ਦੇ ਲਿਸ਼ੀ ਜ਼ਿਲ੍ਹੇ 'ਚ ਸਥਿਤ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਵੇਰੇ ਕਰੀਬ 6.50 ਵਜੇ ਲੱਗੀ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦਸਿਆ ਕਿ ਅੱਗ ਵਿਚ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜਿਆ ਗਿਆ। ਫਿਲਹਾਲ ਘਟਨਾ ਵਾਲੀ ਥਾਂ ਦੇ ਨੇੜੇ ਬਚਾਅ ਕਾਰਜ ਚੱਲ ਰਿਹਾ ਹੈ। ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਬੀਜਿੰਗ ਯੂਥ ਡੇਲੀ ਦੁਆਰਾ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੇਈਬੋ ‘ਤੇ ਪੋਸਟ ਕੀਤੇ ਗਏ ਵੀਡੀਓ ਵਿੱਚ ਇਮਾਰਤ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਨਿਕਲਦਾ ਦਿਖਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਮਾਰਤ ਉਸ ਰਾਜ ਵਿੱਚ ਸਥਿਤ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਕੋਲਾ ਉਤਪਾਦਕ ਰਾਜ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਉਦਯੋਗਿਕ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਰਹਿੰਦੀਆਂ ਹਨ। ਜਿਸ ਦਾ ਕਾਰਨ ਅਕਸਰ ਚੀਨ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ਵਿੱਚ ਢਿੱਲ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਵਿੱਚ ਰਾਜਧਾਨੀ ਬੀਜਿੰਗ ਦੇ ਇੱਕ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿੱਚ 29 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਇਸ ਸਾਲ ਅਕਤੂਬਰ ‘ਚ ਵੀ ਚੀਨ ਦੇ ਉੱਤਰੀ-ਪੱਛਮੀ ਸੂਬੇ ਯਿਨਚੁਆਨ ‘ਚ ਇਕ ਬਾਰਬੇਕਿਊ ਰੈਸਟੋਰੈਂਟ ‘ਚ ਧਮਾਕਾ ਹੋਇਆ ਸੀ, ਜਿਸ ਵਿੱਚ 31 ਲੋਕ ਮਾਰੇ ਗਏ ਸਨ। ਦੱਸ ਦੇਈਏ ਕਿ ਚੀਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਦੀ ਘਟਨਾ ਸਾਲ 2015 ਵਿੱਚ ਵਾਪਰੀ ਸੀ। ਉਦੋਂ ਚੀਨ ਦੇ ਤਿਆਨਜਿਨ ਵਿੱਚ ਇੱਕ ਰਸਾਇਣਕ ਗੋਦਾਮ ਵਿੱਚ ਧਮਾਕਾ ਹੋਇਆ ਸੀ, ਜਿਸ ਵਿਚ 165 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ।