ਅੰਬਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫੌਜੀ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੀਤਾ ਕਤਲ

ਨਰਾਇਣਗੜ੍ਹ, 22 ਜੁਲਾਈ 2024 : ਅੰਬਾਲਾ ਦੇ ਨਰਾਇਣਗੜ੍ਹ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫੌਜੀ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪੀਰ ਮਾਜਰੀ ਰਟੋਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਫੌਜੀ ਭੂਸ਼ਨ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਭਰਾ ਦੀ ਇਕ ਬੇਟੀ ਗੰਭੀਰ ਜ਼ਖਮੀ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, ਬੇਟੀ 5 ਸਾਲਾ ਯਸ਼ਿਕਾ ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ। ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਜਦਕਿ ਮ੍ਰਿਤਕਾ ਦੀ ਇੱਕ ਬੇਟੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲੇ ਦੇ ਐੱਸਪੀ ਰਾਤ 3 ਵਜੇ ਮੌਕੇ ‘ਤੇ ਪਹੁੰਚੇ। ਅੱਧ ਸੜੀਆਂ ਲਾਸ਼ਾਂ ਨੂੰ ਅੰਬਾਲਾ ਕੈਂਟ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।