ਸਿੱਧੀ, 07 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਨਵੇਂ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਦੀ ਚੋਣ ਲਈ ਸੱਦੀ ਗਈ ਬੈਠਕ ’ਚ ਇਸ ਲਈ ਸ਼ਾਮਲ ਨਹੀਂ ਹੋਈ ਕਿਉਂਕਿ ਉਹ ਦਲਿਤ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਅਨੁਸੂਚਿਤ ਜਾਤੀ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਹ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ 17 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੋਦੀ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਹਰ ਰੋਜ਼ ਉਨ੍ਹਾਂ ਨੂੰ ਗਾਲ੍ਹਾਂ ਕਢਦੀ ਹੈ। ਉਨ੍ਹਾਂ ਨੇ ਕਾਂਗਰਸ ’ਤੇ ‘ਆਦੀਵਾਸੀ ਵਿਰੋਧੀ ਮਾਨਸਿਕਤਾ’ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਨੇ ਦੇਸ਼ ਦੀ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਸੀ। ਕਾਂਗਰਸ ’ਤੇ ਪ੍ਰਧਾਨ ਮੰਤਰੀ ਦਾ ਹਮਲਾ ਮੁੱਖ ਵਿਰੋਧੀ ਪਾਰਟੀ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰੀਆ ਦੀ ਚੋਣ ’ਤੇ ‘ਹਨੇਰੇ ’ਚ’ ਰੱਖਣ ਦੇ ਦਾਅਵੇ ਦੇ ਬਾਅਦ ਆਇਆ ਹੈ। ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਦਲਿਤ ਹਨ। ਉਨ੍ਹਾਂ ਕਿਹਾ, ‘‘ਭਾਜਪਾ ਦਲਿਤਾਂ, ਆਦਿਵਾਸੀਆਂ ਅਤੇ ਓ.ਬੀ.ਸੀ. ਦੀਆਂ ਇੱਛਾਵਾਂ ਦਾ ਸਨਮਾਨ ਕਰਦੀ ਹੈ। ਤੁਸੀਂ ਸਾਰਿਆਂ ਨੇ ਅਖਬਾਰਾਂ ’ਚ ਪੜ੍ਹਿਆ ਹੋਵੇਗਾ ਕਿ ਅੱਜ ਇਕ ਦਲਿਤ ਮੁੱਖ ਸੂਚਨਾ ਕਮਿਸ਼ਨਰ ਬਣ ਗਿਆ ਹੈ। ਮੈਂ ਅਪਣਾ ਚੋਣ ਦੌਰਾ ਰੱਦ ਕਰ ਦਿਤਾ ਅਤੇ ਦਿੱਲੀ ਪਹੁੰਚ ਗਿਆ। (ਸੀ.ਆਈ.ਸੀ. ਦੇ ਸਹੁੰ ਚੁੱਕ ਸਮਾਗਮ ਲਈ)।’’ ਮੋਦੀ ਨੇ ਦੋਸ਼ ਲਾਇਆ, ‘‘ਅਸੀਂ ਪਹਿਲੀ ਵਾਰ ਰਾਜਸਥਾਨ ਦੇ ਇਕ ਦਲਿਤ ਨੂੰ ਸੀ.ਆਈ.ਸੀ. ਬਣਾਇਆ ਹੈ। ਕਾਂਗਰਸ ਨੇ ਮੀਟਿੰਗ ’ਚ ਸ਼ਾਮਲ ਹੋਣਾ ਸੀ (ਜਿੱਥੇ ਸੀ.ਆਈ.ਸੀ. ਦੇ ਨਾਂ ਨੂੰ ਅੰਤਿਮ ਰੂਪ ਦਿਤਾ ਜਾਣਾ ਸੀ), ਪਰ ਇਹ ਸ਼ਾਮਲ ਨਹੀਂ ਹੋਇਆ। ਉਸ ਨੂੰ (ਮੀਟਿੰਗ ਬਾਰੇ) ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ, ਫ਼ੋਨ ’ਤੇ (ਉਸ ਨਾਲ) ਗੱਲ ਕੀਤੀ ਗਈ ਸੀ। ਪਰ ਇਹ ਜਾਣਦਿਆਂ ਕਿ ਇਕ ਦਲਿਤ ਨੂੰ ਇਸ (ਸੂਚਨਾ ਕਮਿਸ਼ਨ) ਦਾ ਮੁਖੀ ਬਣਾਇਆ ਜਾ ਰਿਹਾ ਹੈ, ਉਨ੍ਹਾਂ ਮੀਟਿੰਗ ਦਾ ਬਾਈਕਾਟ ਕਰ ਦਿਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਦਲਿਤਾਂ ਅਤੇ ਆਦਿਵਾਸੀਆਂ ਲਈ ਨਾਪਸੰਦ ਤੋਂ ਇਲਾਵਾ ਕੁਝ ਨਹੀਂ ਹੈ। ਸਾਬਕਾ ਆਈ.ਏ.ਐਸ. ਅਧਿਕਾਰੀ ਹੀਰਾਲਾਲ ਸਮਰੀਆ ਨੇ ਸੋਮਵਾਰ ਨੂੰ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਅਪਣੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਸੱਤਾ ਆਉਣ ਮਗਰੋਂ ਉਨ੍ਹਾਂ ਦੀ ਸਰਕਾਰ ਨੇ ਸਾਰੇ ਘਪਲਿਆਂ ਨੂੰ ਰੋਕ ਦਿਤਾ ਅਤੇ ਇਸ ’ਚ ਸ਼ਾਮਲ ਪੈਸਾ ਬਚਾਇਆ ਗਿਆ ਜਿਸ ਨਾਲ 80 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਪ੍ਰਦਾਨ ਕਰਨ ’ਚ ਮਦਦ ਕੀਤੀ। ਮੋਦੀ ਨੇ ਕਿਹਾ, ‘‘ਜਦੋਂ ਕਾਂਗਰਸ 10 ਸਾਲ (2004-2014) ਸੱਤਾ ’ਚ ਸੀ ਤਾਂ ਉਸ ਦੀ ਸਰਕਾਰ ਭ੍ਰਿਸ਼ਟਾਚਾਰ ’ਚ ਸ਼ਾਮਲ ਸੀ ਪਰ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਉਸ ਨੇ ਉਨ੍ਹਾਂ ਸਾਰੇ ਘਪਲਿਆਂ ਨੂੰ ਰੋਕ ਦਿਤਾ ਅਤੇ ਬਹੁਤ ਸਾਰਾ ਪੈਸਾ ਬਚਾਇਆ ਅਤੇ ਇਸ ਦਾ ਪ੍ਰਯੋਗ ਕੋਵਿਡ-19 ਦੀ ਮਿਆਦ ਦੇ ਦੌਰਾਨ 80 ਕਰੋੜ ਤੋਂ ਵੱਧ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਕੀਤਾ।’’ ਉਨ੍ਹਾਂ ਕਿਹਾ ਕਿ ਮੁਫਤ ਰਾਸ਼ਨ ਸਕੀਮ ਨੂੰ ਹੁਣ ਦਸੰਬਰ ਤੋਂ ਬਾਅਦ ਅਗਲੇ ਪੰਜ ਸਾਲਾਂ ਲਈ ਵਧਾ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਤਹਿਤ 2.07 ਲੱਖ ਕਰੋੜ ਰੁਪਏ ਬਿਨਾਂ ਕਿਸੇ ‘ਲੀਕੇਜ’ ਤੋਂ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਜਮ?ਹਾਂ ਕਰਵਾਏ ਗਏ ਸਨ ਅਤੇ ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਭ੍ਰਿਸ਼ਟਾਚਾਰ ਨੂੰ ਰੋਕਿਆ ਗਿਆ ਸੀ। ਕਾਂਗਰਸ ’ਤੇ ਆਦਿਵਾਸੀਆਂ ਨੂੰ ‘ਵੋਟ ਬੈਂਕ’ ਵਜੋਂ ਵਰਤਣ ਦਾ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ਜਦੋਂ ਭਾਜਪਾ ਨੇ ਦੇਸ਼ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਦੀ ਉਮੀਦਵਾਰੀ ਦਾ ਪ੍ਰਸਤਾਵ ਰਖਿਆ ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਇਸ ਨੇ ਕਦੇ ਵੀ ਉਨ੍ਹਾਂ ਦੀ ਭਲਾਈ ਦੀ ਪਰਵਾਹ ਨਹੀਂ ਕੀਤੀ। ਏਸ਼ੀਆ ’ਚ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਰੀਵਾ ਅਲਟਰਾ ਮੈਗਾ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਦੀ ਉਦਾਹਰਣ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿੰਧਿਆ ਖੇਤਰ ਨੂੰ ਇਕ ਪ੍ਰਮੁੱਖ ਸੂਰਜੀ ਊਰਜਾ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ।