ਅੰਕੋਲਾ, 3 ਮਈ : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਅੰਕੋਲਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ‘ਤੇ ਜੰਮ ਕੇ ਹਮਲਾ ਬੋਲਿਆ। ਇਸ ਦੌਰਾਨ ਉੁਨ੍ਹਾਂ ਕਿਹਾ ਕਿ ਕਾਂਗਰਸ ਭਾਜਪਾ ਨੂੰ ਹਰਾ ਨਹੀਂ ਸਕਦੀ, ਇਸ ਲਈ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਹੈ ਤੇ ਕਰਨਾਟਕ ਦੇ ਵੋਟਰ ਉਸ ਨੂੰ ਇਸ ਦਾ ਸਬਕ ਸਿਖਾਉਣਗੇ। ਵਿਰੋਧੀ ਸਿਰਫ ‘ਗਾਲੀ ਪਾਲਿਟਿਕਸ’ ਜਾਣਦਾਹੈ। ਉਹ ਸਾਨੂੰ ਹਰਾ ਨਹੀਂ ਸਕਦੇ ਇਸ ਲਈ ਉਹ ਸਾਨੂੰ ਗਾਲ੍ਹਾਂ ਕੱਢਦੇ ਹਨ। ਕਰਨਾਟਕ ਦੇ ਲੋਕ ਗਾਲੀ ਦੀ ਰਾਜਨੀਤੀ ਦੀ ਖਾਰਜ ਕਰਦੇ ਹਨ ਤੇ ਸਾਰੇ ਵੋਟਰ ਮੈਨੂੰ ਗਾਲ੍ਹ ਕੱਢਣ ਲਈ ਕਾਂਗਰਸ ਨੂੰ ਸਬਕ ਸਿਖਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕੀ ਕਰਨਾਟਕ ਵਿਚ ਕੋਈ ਵੀ ਗਾਲ੍ਹ ਸੰਸਕ੍ਰਿਤੀ ਨੂੰ ਸਵੀਕਾਰ ਕਰਦਾ ਹੈ? ਕੀ ਕਰਨਾਟਕ ਗਾਲ੍ਹ ਕੱਢਣ ਵਾਲੇ ਨੂੰ ਮਾਫ ਕਰ ਦਿੰਦਾ ਹੈ। ਜਦੋਂ ਪੋਲਿੰਗ ਬੂਥ ਵਿਚ ਬਟਨ ਦਬਾਓ ਤਾਂ ‘ਜੈ ਬਜਰੰਗ ਬਲੀ’ ਬੋਲਕੇ ਇਨ੍ਹਾਂ ਨੂੰ ਸਜ਼ਾ ਦੇ ਦੇਣਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਦਹਾਕਿਆਂ ਦੇ ਕੁਸ਼ਾਸਨ ਕਾਰਨ ਲੋਕਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ। ਇਸ ਲਈ ਝੂਠੇ ਦੋਸ਼ ਤੇ ਝੂਠੀ ਗਾਰੰਟੀ ਦਿੰਦੇ ਹਨ। ਹੁਣ ਇਹੀ ਇਕੋ ਇਕ ਸਹਾਰਾ ਬਚਿਆ ਹੈ। ਕਾਂਗਰਸ ਅੱਜ ਵੀ ਕਰਨਾਟਕ ਦੀ ਹਰ ਯੋਜਨਾ ਵਿਚ 80 ਫੀਸਦੀ ਕਮਿਸ਼ਨ ਖਾਣ ਨੂੰ ਤਿਆਰ ਬੈਠੀ ਹੈ। ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ 4 ਕਰੋੜ 20 ਲੱਖ ਨਕਲੀ ਨਾਵਾਂ ਨੂੰ ਕਾਂਗਰਸ ਨੇ ਰਾਸ਼ਨ ਦਿੱਤਾ। 4 ਕਰੋੜ ਨਕਲੀ ਨਾਵਾਂ ਨੂੰ ਗੈਸ ਦੀ ਸਬਸਿਡੀ ਦਿੱਤੀ, 1 ਕਰੋੜ ਨਕਲੀ ਨਾਵਾਂ ਨੂੰ ਮਹਿਲਾ ਕਲਿਆਣ ਦੇ ਨਾਂ ‘ਤੇ ਪੈਸਾ ਭੇਜਿਆ ਤੇ 30 ਲੱਖ ਨਕਲੀ ਵਿਦਿਆਰਥੀਆਂ ਨੂੰ ਵਜ਼ੀਫਾ ਭੇਜਿਆ ਜਾ ਰਿਹਾ ਸੀ। ਆਦਿਵਾਸੀਆਂ ਦੀ ਗੱਲ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਆਦਿਵਾਸੀਆਂ ਨੂੰ ਸਿਰਫ ਵੋਟਬੈਂਕ ਲਈ ਇਸਤੇਮਾਲ ਕੀਤਾ ਤੇ ਆਦਿਵਾਸੀਆਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਿਆ। ਕਾਂਗਰਸ ਨੇ ਆਪਣੀ ਸਰਕਾਰ ਦੌਰਾਨ ਆਦਿਵਾਸੀ ਲੀਡਰਸ਼ਿਪ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ। ਇਹੀ ਕਾਰਨ ਹੈ ਕਿ ਅੱਜ ਪੂਰੇ ਦੇਸ਼ ਵਿਚ ਆਦਿਵਾਸੀ ਸਮਾਜ ਕਾਂਗਰਸ ਨੂੰ ਸਬਕ ਸਿਖਾਉਣ ਦਾ ਸੰਕਪਲ ਲੈ ਕੇ ਬੈਠਾ ਹੈ।