ਜਾਂਜਪੁਰ, 16 ਅਪ੍ਰੈਲ : ਓਡੀਸ਼ਾ ਦੇ ਜਾਂਜਪੁਰ ਜ਼ਿਲੇ ‘ਚ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਲਕਾਤਾ ਜਾ ਰਹੀ ਇੱਕ ਬੱਸ ਪੁਲ ਤੋਂ ਡਿੱਗ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਪੁਲਿਸ ਦੱਸਿਆ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ-16 ਦੇ ਬਾਰਾਬਤੀ ਪੁਲ 'ਤੇ ਰਾਤ ਕਰੀਬ 9 ਵਜੇ ਉਸ ਸਮੇਂ ਵਾਪਰਿਆ ਜਦੋਂ 50 ਯਾਤਰੀਆਂ ਨਾਲ ਭਰੀ ਬੱਸ ਪੁਰੀ ਤੋਂ ਕੋਲਕਾਤਾ ਜਾ ਰਹੀ ਸੀ। ਧਰਮਸ਼ਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਤਪਨ ਕੁਮਾਰ ਨਾਇਕ ਨੇ ਦੱਸਿਆ, ''ਹਾਦਸੇ 'ਚ ਚਾਰ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ ਹੈ। ਕਰੀਬ 40 ਲੋਕ ਜ਼ਖਮੀ ਹਨ ਅਤੇ ਉਨ੍ਹਾਂ 'ਚੋਂ 30 ਨੂੰ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਹਸਪਤਾਲ 'ਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ 'ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਸੂਚਨਾ ਮਿਲਣ 'ਤੇ ਰਸੂਲਪੁਰ ਅਤੇ ਚੰਡੀਖੋਲ ਫਾਇਰ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਬਚਾਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਗੈਸ ਕਟਰ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਬਚਾਅ ਕਾਰਜ ਵਿੱਚ 16 ਐਂਬੂਲੈਂਸਾਂ ਅਤੇ ਕ੍ਰੇਨਾਂ ਦੀ ਵਰਤੋਂ ਕੀਤੀ ਗਈ। ਜਾਜਪੁਰ ਦੇ ਐਸਪੀ, ਡਾਕਟਰਾਂ ਦੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ। ਕਰੀਬ 40 ਜ਼ਖਮੀ ਯਾਤਰੀਆਂ ਨੂੰ ਧਰਮਸ਼ਾਲਾ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 5 ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। 10 ਤੋਂ ਵੱਧ ਯਾਤਰੀਆਂ ਨੂੰ ਐਸਸੀਬੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਨੇ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ
ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ।