- ਕੇਂਦਰੀ ਬਜਟ ਖਿਲਾਫ਼ ਇੰਡੀਆ ਅਲਾਇੰਸ ਦੇ MPs ਵੱਲੋਂ ਭਾਰੀ ਰੋਸ ਪ੍ਰਦਰਸ਼ਨ
ਨਵੀਂ ਦਿੱਲੀ, 24 ਜੁਲਾਈ 2024 : ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪੂਰੇ ਬਜਟ ਦਾ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਵਿਰੋਧ ਕਰ ਰਹੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਜਟ ਪੱਖਪਾਤੀ ਹੈ। ਇਹ ਪ੍ਰਦਰਸ਼ਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਅਗਵਾਈ 'ਚ ਸੰਸਦ ਦੇ ਐਂਟਰੀ ਗੇਟ 'ਤੇ ਕੀਤਾ ਜਾ ਰਿਹਾ ਹੈ। ਸੋਨੀਆ ਗਾਂਧੀ, ਅਖਿਲੇਸ਼ ਯਾਦਵ, ਕਲਿਆਣ ਬੈਨਰਜੀ ਵਰਗੇ ਸੰਸਦ ਮੈਂਬਰਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਹੈ। ਇਸ ਵਿਰੋਧ ਪ੍ਰਦਰਸ਼ਨ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਧੋਖੇ ਵਾਲਾ ਬਜਟ ਹੈ। ਇਹ ਬੇਇਨਸਾਫ਼ੀ ਹੈ। ਅਸੀਂ ਇਸ ਦਾ ਵਿਰੋਧ ਕਰਾਂਗੇ। ਉਨ੍ਹਾਂ ਨੇ ਬਜਟ ਨੂੰ 'ਭੇਦਭਾਵਪੂਰਨ' ਦੱਸਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਕਿਹਾ, "ਇਹ ਬਜਟ ਪੱਖਪਾਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ 'ਕੁਰਸੀ ਬਚਾਓ ਬਜਟ' ਹੈ। ਇਸ ਬਜਟ ਵਿੱਚ ਸਿਰਫ਼ ਇਸ ਬਾਰੇ ਸੋਚਿਆ ਗਿਆ ਹੈ ਕਿ ਇਸ ਸਰਕਾਰ ਨੂੰ ਕਿਵੇਂ ਬਚਾਇਆ ਜਾਵੇ। ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ, "ਇਹ ਬਜਟ ਭਾਰਤ ਸਰਕਾਰ ਦਾ ਬਜਟ ਨਹੀਂ ਲੱਗਦਾ। ਇਸ ਬਜਟ ਵਿੱਚ ਸੰਘੀ ਢਾਂਚੇ ਨੂੰ ਤੋੜਿਆ ਗਿਆ ਹੈ। ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜ ਬਜਟ ਵਿੱਚੋਂ ਗਾਇਬ ਹਨ। ਇਹ ਸਰਕਾਰੀ ਬਜਟ ਨਹੀਂ ਹੈ। ਵਿਰੋਧੀ ਧਿਰ ਵੱਲੋਂ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸ 'ਤੇ 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ, "ਨੀਤੀ ਆਯੋਗ ਦੀਆਂ ਬੈਠਕਾਂ 'ਚ ਚਰਚਾ ਹੁੰਦੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਦਾ। ਬਜਟ ਸਰਕਾਰ ਦੇ ਨਜ਼ਰੀਏ ਨੂੰ ਦਰਸਾਉਂਦਾ ਹੈ। ਕੀ ਨੀਤੀ ਆਯੋਗ ਦੀਆਂ ਬੈਠਕਾਂ 'ਚ ਕਦੇ ਕੋਈ ਬੁਨਿਆਦੀ ਜਾਂ ਠੋਸ ਫੈਸਲਾ ਲਿਆ ਗਿਆ ਹੈ?" ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਲਗਾਤਾਰ 50 ਤੋਂ ਹੇਠਾਂ ਜਾ ਰਿਹਾ ਹੈ, ਜੋ ਉਨ੍ਹਾਂ ਦੀ ਜਾਨ ਲਈ ਖਤਰਾ ਹੈ।