ਹਿਮਾਚਲ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 2022 ਵਿਚ ਆਮ ਆਦਮੀ ਪਾਰਟੀ ਖਾਤਾ ਤੱਕ ਨਹੀਂ ਖੋਲ੍ਹ ਸਕੇਗੀ। ‘ਆਪ’ ਹਿਮਾਚਲ ਵਿਚ ਇਕ ਵੀ ਸੀਟ ਨਹੀਂ ਜਿੱਤ ਸਕਦੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਚੋਣਾਂ ਵਿਚ ਲੋਕਾਂ ਨੇ ਨਕਾਰ ਦਿੱਤਾ ਸੀ, ਉੁਸੇ ਤਰ੍ਹਾਂ ਹਿਮਾਚਲ ਦੀ ਜਨਤਾ ਵੀ ‘ਆਪ’ ਨੂੰ ਨਕਾਰਨ ਵਾਲੀ ਹੈ ਕਿਉਂਕਿ ਹਿਮਾਚਲ ਦੀ ਜਨਤਾ ‘ਆਪ’ ਦੀਆਂ ਦੋਹਰੀ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਵਿਚ ਭਾਜਪਾ ਦੁਬਾਰਾ ਸਰਕਾਰ ਬਣਾਏਗੀ। ਭਾਜਪਾ ਹਿਮਾਚਲ ਵਿਚ ਰਿਪੀਟ ਕਰਕੇ ਇਤਿਹਾਸ ਬਦਲੇਗੀ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਹਰ ਵਾਰ ਸਰਕਾਰ ਬਦਲਦੀ ਹੈ ਪਰ ਇਸ ਵਾਰ ਭਾਜਪਾ ਦੁਬਾਰਾ ਤੋਂ ਸਰਕਾਰ ਬਣਾ ਕੇ ਇਸ ਰਿਵਾਜ ਨੂੰ ਹੀ ਬਦਲਣ ਵਾਲੀ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ‘ਤੇ 12 ਨਵੰਬਰ ਨੂੰ ਵੋਟਾਂ ਪੈਣਗੀਆਂ। ਸਾਰੀਆਂ ਸੀਟਾਂ ‘ਤੇ ਇਕ ਹੀ ਪੜਾਅ ਵਿਚ ਵੋਟਾਂ ਪੈਣਗੀਆਂ। 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਅਨੁਰਾਗ ਠਾਕੁਰ ਹਿਮਾਚਲ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਸਾਂਸਦ ਹਨ। ਉਹ ਲਗਾਤਾਰ 4 ਵਾਰ ਹਮੀਰਪੁਰ ਸੀਟ ਤੋਂ ਸਾਂਸਦ ਦੀ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਪਹਿਲੀ ਵਾਰ ਕੇਂਦਰ ਵਿਚ ਰਾਜ ਮੰਤਰੀ ਬਣਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਨ ਤੇ ਕੇਂਦਰੀ ਕੇਡ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।