ਹਰਿਆਣਾ ਵਾਸੀਆਂ ਨੂੰ ‘ਆਪ’ ਨੇ ਦਿੱਤੀਆਂ 5 ਗਰੰਟੀਆਂ, ਫਰੀ ਬਿਜਲੀ ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦੇਣ ਦਾ ਕੀਤਾ ਵਾਅਦਾ

ਪੰਚਕੂਲਾ, 20 ਜੁਲਾਈ 2024 : ਆਮ ਆਦਮੀ ਪਾਰਟੀ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਦੀਆਂ 5 ਗਰੰਟੀਆਂ ਤੋਂ ਸ਼ੁਰੂ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਕਿਹਾ ਕਿ ਤੁਹਾਡੇ ਬੇਟੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਬਦਲੀ, ਪੰਜਾਬ ਬਦਲਿਆ ਅਤੇ ਹੁਣ ਹਰਿਆਣਾ ਬਦਲਣਾ ਹੈ। ਉਨ੍ਹਾਂ ਕਿਹਾ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਮਿਲਣੀ ਚਾਹੀਦੀ। ਸੁਨੀਤਾ ਕੇਜਰੀਵਾਲ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਹਾ ਹੈ ਕਿ, ਹਰਿਆਣਾ ‘ਚ 24 ਘੰਟੇ ਘਰੇਲੂ ਬਿਜਲੀ ਮੁਫਤ ਦਿੱਤੀ ਜਾਵੇਗੀ, ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਅਤੇ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਦਿੱਲੀ ਅਤੇ ਪੰਜਾਬ ਵਾਂਗ, ਸਾਰੇ ਬਕਾਇਆ ਘਰੇਲੂ ਬਿੱਲਾਂ ਨੂੰ ਮੁਆਫ ਕਰ ਦਿੱਤਾ ਜਾਵੇਗਾ। ਸਾਰਿਆਂ ਨੂੰ ਚੰਗਾ ਅਤੇ ਮੁਫ਼ਤ ਇਲਾਜ ਮਿਲੇਗਾ। ਸੂਬੇ ਵਿੱਚ ਚੰਗੀ, ਸ਼ਾਨਦਾਰ ਅਤੇ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਹਨਾਂ 5 ਗਰੰਟੀਆਂ ਨੂੰ ਲੌਂਚ ਕਰਨ ਵੇਲੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਤੇ ਹੋਰ ਵੀ ਕਈ ਵੱਡੇ ਆਗੂ ਸਟੇਜ ‘ਤੇ ਮੌਜੂਦ ਸਨ।

ਹਰਿਆਣਾ ਨੂੰ ਦਿੱਤੀਆਂ ਕਿਹੜੀਆਂ 5 ਮੁੱਖ ਗਰੰਟੀਆਂ.....

  • ਦਿੱਲੀ ਅਤੇ ਪੰਜਾਬ ਵਾਂਗ, ਸਾਰੇ ਪੁਰਾਣੇ ਬਕਾਇਆ ਘਰੇਲੂ ਬਿੱਲ ਮੁਆਫ ਕੀਤੇ ਜਾਣਗੇ। ਬਿਜਲੀ ਦੇ ਕੱਟ ਬੰਦ ਹੋਣਗੇ, ਦਿੱਲੀ ਅਤੇ ਪੰਜਾਬ ਵਾਂਗ 24 ਘੰਟੇ ਬਿਜਲੀ ਦਿੱਤੀ ਜਾਵੇਗੀ।
  • ਦਿੱਲੀ ਅਤੇ ਪੰਜਾਬ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ। ਸਾਰੇ ਸਰਕਾਰੀ ਹਸਪਤਾਲਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਨਵੇਂ ਸਰਕਾਰੀ ਹਸਪਤਾਲ ਬਣਾਏ ਜਾਣਗੇ। ਹਰ ਹਰਿਆਣਵੀ ਦਾ ਪੂਰਾ ਇਲਾਜ ਮੁਫਤ ਹੋਵੇਗਾ, ਭਾਵੇਂ ਬਿਮਾਰੀ ਛੋਟੀ ਹੋਵੇ ਜਾਂ ਵੱਡੀ। ਸਾਰੇ ਟੈਸਟ, ਦਵਾਈਆਂ, ਆਪ੍ਰੇਸ਼ਨ ਅਤੇ ਇਲਾਜ ਮੁਫ਼ਤ ਹੋਵੇਗਾ। ਇਸ ਨਾਲ ਲੋਕਾਂ ਦੇ ਪੈਸੇ ਦੀ ਕਾਫੀ ਬੱਚਤ ਹੋਵੇਗੀ ਅਤੇ ਮਹਿੰਗਾਈ ਤੋਂ ਕਾਫੀ ਰਾਹਤ ਮਿਲੇਗੀ।
  • ਦਿੱਲੀ ਅਤੇ ਪੰਜਾਬ ਵਾਂਗ ਸਿੱਖਿਆ ਮਾਫੀਆ ਨੂੰ ਖਤਮ ਕਰਾਂਗੇ। ਅਸੀਂ ਸਰਕਾਰੀ ਸਕੂਲਾਂ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓਗੇ। ਅਸੀਂ ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਵੀ ਬੰਦ ਕਰਾਂਗੇ, ਪ੍ਰਾਈਵੇਟ ਸਕੂਲਾਂ ਨੂੰ ਨਜਾਇਜ਼ ਫੀਸਾਂ ਵਧਾਉਣ ਤੋਂ ਰੋਕਿਆ ਜਾਵੇਗਾ।
  • ਸਾਰੀਆਂ ਮਾਵਾਂ-ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ।
  • ਹਰ ਬੇਰੋਜ਼ਗਾਰ ਨੌਜਵਾਨ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ।

ਹਰਿਆਣਾ ‘ਚ 1000 ਰੁਪਏ ਦੇਣ ਦਾ ਵਾਅਦਾ ਪੂਰਾ ਹੋਵੇਗਾ ਜਾਂ ਫਿਰ ਚੋਣ ਸਟੰਟ ਬਣ ਕੇ ਰਹਿ ਜਾਵੇਗਾ।
ਆਮ ਆਦਮੀ ਪਾਰਟੀ ਵੱਲੋਂ ਅੱਜ ਹਰਿਆਣਾ ਵਿੱਚ ਕੀਤੀ ਗਈ ਇੱਕ ਰੈਲੀ ‘ਚ ਸੂਬੇ ਦੇ ਲੋਕਾਂ ਨੂੰ ਸਰਕਾਰ ਬਣਨ ‘ਤੇ 5 ਗਾਰੰਟੀਆਂ ਦਿੱਤੀਆਂ ਹਨ, ਜਿੰਨ੍ਹਾਂ ਵਿੱਚੋਂ ਇੱਕ ਗਰੰਟੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸੇ ਤਰ੍ਹਾਂ ਦਾ ਵਾਅਦਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ‘ਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅੱਜ ਸਰਕਾਰ ਨੂੰ 2 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਗਾਰੰਟੀ ਨੂੰ ਪੂਰਾ ਨਹੀਂ ਹੋਇਆ।ਇੱਥੇ ਸਵਾਲ ਖੜਾ ਹੁੰਦਾ ਹੈ, ਕਿ ਕੀ ਸੱਚਮੁੱਚ ਹਰਿਆਣਾ ‘ਚ 1000 ਰੁਪਏ ਦੇਣ ਦਾ ਵਾਅਦਾ ਪੂਰਾ ਹੋਵੇਗਾ ਜਾਂ ਫਿਰ ਚੋਣ ਸਟੰਟ ਬਣ ਕੇ ਰਹਿ ਜਾਵੇਗਾ।