588 ਭਾਰਤੀ ਪ੍ਰਾਚੀਨ ਵਸਤਾਂ ਨੂੰ ਹੁਣ ਤੱਕ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਹੈ : ਸ਼ੇਖਾਵਤ 

ਨਵੀਂ ਦਿੱਲੀ, 21 ਮਾਰਚ 2025 : ਦੇਸ਼ ਤੋਂ ਤਸਕਰੀ ਕਰ ਕੇ ਬਾਹਰ ਲਿਜਾਈਆਂ ਗਈਆਂ 588 ਭਾਰਤੀ ਪ੍ਰਾਚੀਨ ਵਸਤਾਂ ਨੂੰ ਹੁਣ ਤੱਕ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ’ਚੋਂ 297 ਪਿਛਲੇ ਸਾਲ ਵਾਪਸ ਲਿਆਂਦੀਆਂ ਗਈਆਂ ਸਨ। ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ ਹੈ। ਉਹ ਪ੍ਰਾਚੀਨ ਵਸਤਾਂ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਅਮਰੀਕਾ-ਭਾਰਤ ਸੱਭਿਆਚਾਰਕ ਵਿਰਾਸਤ ਸਮਝੌਤੇ (ਸੀਪੀਏ) ਤਹਿਤ ਵਾਪਸ ਕੀਤੀਆਂ ਜਾਣ ਵਾਲੀਆਂ ਲੁੱਟੀਆਂ ਜਾਂ ਚੋਰੀ ਕੀਤੀਆਂ ਕਲਾਕ੍ਰਿਤੀਆਂ ਦੀ ਗਿਣਤੀ ’ਤੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਭਾਰਤੀ ਪ੍ਰਾਚੀਨ ਵਸਤਾਂ ਦੀ ਤਸਕਰੀ ਨੂੰ ਰੋਕਣ ਲਈ ਅਮਰੀਕਾ ਨਾਲ ਸੱਭਿਆਚਾਰਕ ਵਿਰਾਸਤ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ। ਮੰਤਰੀ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਸਰਕਾਰ ਚੋਰੀ ਕੀਤੀਆਂ ਗਈਆਂ ਪ੍ਰਾਚੀਨ ਵਸਤਾਂ ਨੂੰ ਮੁੜ ਪ੍ਰਾਪਤ ਕਰਨ ਵਿਚ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਕੌਮਾਂਤਰੀ ਸੰਗਠਨਾਂ ਜਾਂ ਹੋਰ ਦੇਸ਼ਾਂ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤ ਲੋੜ ਮੁਤਾਬਕ ਯੂਨੈਸਕੋ ਤੇ ਇੰਟਰਪੋਲ ਸਮੇਤ ਵੱਖ-ਵੱਖ ਕੌਮਾਂਤਰੀ ਸੰਗਠਨਾਂ ਨਾਲ ਸਹਿਯੋਗ ਕਰਦਾ ਹੈ। ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਨੇ ਖ਼ਾਸ ਕਰ ਕੇ ਕੁੰਭ ਮੇਲੇ ਵਰਗੇ ਸਮਾਗਮਾਂ ਦੌਰਾਨ ਪ੍ਰਾਚੀਨ ਪਰੰਪਰਾਵਾਂ ਦਾ ਮੁੜ ਉਭਾਰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰਾਚੀਨ ਪਰੰਪਰਾਵਾਂ ਦਾ ਮੁੜ ਉਭਾਰ ਆਧੁਨਿਕ ਧਾਰਮਿਕ ਚੁਣੌਤੀਆਂ ਦਰਮਿਆਨ ਡੂੰਘੇ ਅਰਥ ਦੀ ਖੋਜ ਦੇ ਨਾਲ-ਨਾਲ ਸੱਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਵਿਚ ਵਧਦੀ ਦਿਲਚਸਪੀ ਵਰਗੇ ਕਾਰਕਾਂ ਤੋਂ ਪ੍ਰੇਰਿਤ ਹੈ। ਇੰਟਰਨੈੱਟ ਮੀਡੀਆ ਅਤੇ ਧਾਰਮਿਕ ਸੈਰ-ਸਪਾਟੇ ਨੇ ਵੀ ਇਨ੍ਹਾਂ ਫਿਰਕਿਆਂ ਬਾਰੇ ਜਾਗਰੂਕਤਾ ਫੈਲਾਉਣ ਵਿਚ ਭੂਮਿਕਾ ਨਿਭਾਈ ਹੈ।