ਨਵੀਂ ਦਿੱਲੀ, 04 ਜੂਨ : ਲੋਕ ਸਭਾ ਚੋਣਾਂ ਵਿੱਚ NDA ਸਰਕਾਰ ਬਣਾਉਣ ਲਈ ਦਾਅਵਾ ਤਾਂ ਪੇਸ਼ ਕਰ ਸਕਦੀ ਹੈ ਪਰ ਭਾਰਤੀ ਜਨਤਾ ਪਾਰਟੀ ਇਕੱਲੇ ਆਪਣੇ ਦਮ ਉੱਤੇ ਬਹੁਮਤ ਨਹੀਂ ਹਾਸਲ ਕਰ ਸਕੀ ਹੈ। ਦੱਸ ਦਈਏ ਕਿ ਮੋਦੀ ਸਰਕਾਰ ਦੇ 4 ਮੰਤਰੀ ਇਨ੍ਹਾਂ ਚੋਣਾਂ ਵਿੱਚ ਹਾਰ ਗਏ ਹਨ। ਜ਼ਿਕਰ ਕਰ ਦਈਏ ਕਿ ਮੰਤਰੀ ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਰਾਜ ਕੁਮਾਰ ਤੇ ਮਹਿੰਦਰ ਨਾਥ ਪਾਂਡੇ ਇਨ੍ਹਾਂ ਚੋਣਾਂ ਵਿੱਚ ਹਾਰ ਗਏ ਹਨ। ਜ਼ਿਕਰ ਕਰ ਦਈਏ ਕਿ ਇਸ ਤੋਂ ਇਲਾਵਾ ਸਰਕਾਰ ਦੇ ਪੰਜ ਮੰਤਰੀਆਂ ਨੇ ਪਹਿਲਾਂ ਹੀ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਵਿੱਚ ਨਿਰਮਲਾ ਸੀਤਾਰਮਨ, ਡਾ. ਸੁਬਰਾਮਨੀਅਮ ਜੈਸ਼ੰਕਰ, ਡਾ. ਅਸ਼ਵਿਨੀ ਵੈਸ਼ਨਵ, ਸ਼੍ਰੀ ਪਸ਼ੂਪਤੀ ਕੁਮਾਰ, ਹਰਦੀਪ ਸਿੰਘ ਪੁਰੀ ਸ਼ਾਮਲ ਹਨ। ਲੋਕ ਸਭਾ ਚੋਣਾਂ 2024 ਦੇ ਨਤੀਜੇ ਮੰਗਲਵਾਰ ਨੂੰ ਸਾਹਮਣੇ ਆਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੁਝਾਨਾਂ 'ਤੇ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਜਨਤਾ ਨੇ ਲਗਾਤਾਰ ਤੀਜੀ ਵਾਰ ਰਾਸ਼ਟਰੀ ਲੋਕਤੰਤਰੀ ਗਠਜੋੜ (NDA) 'ਤੇ ਭਰੋਸਾ ਪ੍ਰਗਟਾਇਆ ਹੈ। ਇਹ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਕਿਹਾ, "ਮੈਂ ਜਨਤਾ ਦੇ ਇਸ ਸਨੇਹ ਲਈ ਸਲਾਮ ਕਰਦਾ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਚੰਗੇ ਕੰਮ ਨੂੰ ਜਾਰੀ ਰੱਖਾਂਗੇ।" ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸਲਾਮ ਵੀ ਕਰਦਾ ਹਾਂ। ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ। ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸ ਦੇ ਨਾਲ ਹੀ ਕਾਂਗਰਸ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਤੀਜੇ ਸਥਾਨ 'ਤੇ ਰਹੀ ਹੈ।