ਦੁਆਰਕਾ ਵਿੱਚ ਭਾਰੀ ਬਰਸਾਤ ਕਾਰਨ 3 ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, ਦਾਦੀ ਤੇ 2 ਪੋਤੀਆਂ ਦੀ ਮੌਤ

ਦਵਾਰਕਾ, 24 ਜੁਲਾਈ 2024 : ਗੁਜਰਾਤ ਵਿੱਚ ਦੁਆਰਕਾ ਜਿਲੇ ਦੇ ਜਾਮ ਖੰਭਾਲਿਆ ਸ਼ਹਿਰ ਵਿੱਚ ਭਾਰੀ ਬਰਸਾਤ ਕਾਰਨ ਮੰਗਲਵਾਰ ਨੂੰ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਇਸ ਹਾਦਸੇ ‘ਚ ਇਕ ਬਜ਼ੁਰਗ ਔਰਤ ਸਮੇਤ ਉਸਦੀਆਂ 2 ਪੋਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਗਗਵਾ ਫਲੀ ਇਲਾਕੇ ਵਿੱਚ NDRF ਦੀ ਟੀਮ ਨੇ 6 ਘੰਟਾ ਦੇ ਬਚਾਅ ਅਭਿਆਨ ਤੋਂ ਬਾਅਦ ਤਿੰਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਕੇਸ਼ਰਬੇਨ ਕੰਜਾਰੀਆ (65), ਪ੍ਰੀਤੀਬੇਨ ਕੰਜਾਰੀਆ (15) ਅਤੇ ਪਾਈਲਬੇਨ ਕੰਜਾਰੀਆ (18) ਦੇ ਰੂਪ ਵਿੱਚ ਕੀਤੀ ਗਈ ਹੈ। ਪੁਲਿਸ ਨੇ ਮਲਬੇ ਵਿੱਚ ਫਸੇ ਪੰਜ ਹੋਰ ਸਥਾਨਕ ਲੋਕਾਂ ਨੇ ਬਚਾਇਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਸੌਰਾਸ਼ਟਰ, ਗੁਜਰਾਤ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਦਵਾਰਕਾ ਵਿੱਚ ਸਿਰਫ਼ ਇੱਕ ਦਿਨ ਵਿੱਚ 18 ਇੰਚ ਮੀਂਹ ਪਿਆ ਹੈ। ਪੂਰੇ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਨਜ਼ਰ ਆ ਰਹੀ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਕਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਗੁਜਰਾਤ ਦੇ ਸੂਰਤ, ਨਵਸਾਰੀ, ਵਲਸਾਡ, ਦਮਨ, ਦਾਦਰਾ ਅਤੇ ਨਗਰ-ਹਵੇਲੀ, ਦਵਾਰਕਾ, ਪੋਰਬੰਦਰ, ਜੂਨਾਗੜ੍ਹ, ਗਿਰ ਸੋਮਨਾਥ, ਅਮਰੇਲੀ ਅਤੇ ਰਾਜਕੋਟ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ ਗੁਜਰਾਤ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਦੌਰਾਨ ਗੁਜਰਾਤ ਰਾਜ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਸੜਕਾਂ 'ਤੇ ਪਾਣੀ ਭਰ ਗਿਆ। ਗੁਜਰਾਤ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਬਹੁ-ਮੰਜ਼ਿਲਾ ਪੁਰਾਣੀਆਂ ਇਮਾਰਤਾਂ ਡਿੱਗ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਸੜਕ ਹਾਦਸੇ ਵਾਪਰ ਰਹੇ ਹਨ। ਵਡੋਦਰਾ ਦੇ ਸ਼੍ਰੀ ਨਰਾਇਣ ਸਕੂਲ ਦੀ ਦੂਜੀ ਮੰਜ਼ਿਲ 'ਤੇ ਇਕ ਕਮਰੇ ਦੀ ਕੰਧ ਡਿੱਗ ਗਈ ਸੀ। ਜਿਸ ਕਾਰਨ 4 ਬੱਚੇ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ। ਕੰਧ ਡਿੱਗਣ ਦੀ ਫੁਟੇਜ ਸਾਹਮਣੇ ਆਈ ਹੈ। ਜਿਸ 'ਚ ਪੂਰਾ ਹਾਦਸਾ ਦੇਖਣ ਨੂੰ ਮਿਲਿਆ।