ਈਸੂਪੁਰ : ਬਿਹਾਰ ਦੇ ਛਪਰਾ ਦੇ ਸਰਾਂ ‘ਚ ਨਕਲੀ ਸ਼ਰਾਬ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਦੇਰ ਰਾਤ 5 ਲੋਕਾਂ ਦੀ ਮੌਤ ਹੋਈ ਸੀ। ਉਸ ‘ਤੋਂ ਬਾਅਦ ਅੱਜ ਸਵੇਰੇ ਹਸਪਤਾਲ ‘ਚ ਦਾਖਲ 5 ਹੋਰ ਮਰੀਜਾਂ ਦੀ ਇਲਾਜ ਦੌਰਾਨ ਮੌਤ ਹੋ ਗਈ। 7 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਰੀਬ 17 ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਜਿਨ੍ਹਾਂ ਵਿੱਚੋਂ 10 ਦੀ ਮੌਤ ਸਵੇਰੇ ਹੋ ਗਈ ਸੀ। ਸਾਰਿਆਂ ਨੇ ਈਸੂਪੁਰ ਥਾਣਾ ਖੇਤਰ ਦੇ ਡੋਇਲਾ ਪਿੰਡ ‘ਚ ਦੇਸੀ ਸ਼ਰਾਬ ਪੀਤੀ ਸੀ। ਦੱਸ ਦੇਈਏ ਡੋਇਲਾ ਇਲਾਕੇ ਵਿੱਚ ਦੇਸੀ ਸ਼ਰਾਬ ਵੱਡੇ ਪੱਧਰ ’ਤੇ ਬਣਾਈ ਅਤੇ ਵੇਚੀ ਜਾਂਦੀ ਹੈ। ਸ਼ਰਾਬ ਕਾਰਨ ਹੋਈ ਮੌਤ ਦੀ ਪ੍ਰਸ਼ਾਸਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਰਿਆਂ ਨੇ ਸ਼ਰਾਬ ਪੀਤੀ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸ਼ਰਾਬ ਪੀ ਕੇ ਜਿਵੇਂ ਹੀ ਉਹ ਲੋਕ ਘਰ ਪਰਤੇ ‘ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਂਦੇ ਸਮੇਂ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਾਕੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ, ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ‘ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਦੱਸ ਦੇਈਏ ਕਿ ਪ੍ਰਸ਼ਾਸਨ ਨੂੰ ਜਿਵੇਂ ਹੀ ਜ਼ਹਿਰੀਲੀ ਸ਼ਰਾਬ ਬਾਰੇ ਪਤਾ ਲੱਗਾ ਤਾਂ ਸਦਰ ਹਸਪਤਾਲ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਦੇਰ ਰਾਤ ਤੱਕ ਪੁਲੀਸ ਮੁਲਾਜ਼ਮ ਤੇ ਪ੍ਰਸ਼ਾਸਨਿਕ ਅਧਿਕਾਰੀ ਭੱਜ-ਦੌੜ ਕਰਦੇ ਦੇਖੇ ਗਏ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਿੱਚ ਹਾਹਾਕਾਰ ਮੱਚ ਗਿਆ ਹੈ। ਮਧੌਰਾ ਦੇ ਡੀਐਸਪੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਹੋਰ ਬਿਮਾਰ ਲੋਕਾਂ ਦੀ ਭਾਲ ਲਈ ਇਲਾਕੇ ਦਾ ਦੌਰਾ ਕਰ ਰਹੇ ਹਨ।