- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀਖੇੜਾ ਵਿਖੇ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤੀ ਦੇ ਸਮਝਾਏ ਸੂਤਰ
ਫਾਜ਼ਿਲਕਾ 18 ਜੁਲਾਈ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸ਼ੁਰੂ ਕੀਤੇ ਸਿੱਖੋ ਤੇ ਵੱਧੋ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀਖੇੜਾ ਵਿਖੇ ਸਿਖੋ ਤੇ ਵੱਧੋ ਪ੍ਰੋਗਰਾਮ ਦੇ ਸੈਸ਼ਨ ਦੌਰਾਨ ਮਾਹਰਾਂ ਵੱਲੋਂ ਵਿਦਿਆਰਥੀਆਂ ਨੂੰ ਚੰਗਾ ਭਵਿੱਖ ਸਿਰਜਣ ਲਈ ਸਫਲਤਾਂ ਦੀ ਪ੍ਰਾਪਤੀ ਦੇ ਸੂਤਰ ਸਮਝਾਉਂਦਿਆਂ ਆਪਣੇ ਅਨੁਭਵ ਸਾਂਝੇ ਕੀਤੇ ਗਏ। ਖੇਤੀਬਾੜੀ ਕਿੱਤੇ ਨਾਲ ਸਬੰਧਤ ਸਫਲ ਉਦਯੋਗੀ ਸ੍ਰੀ. ਸੰਜੀਵ ਨਾਗਪਾਲ ਨੇ ਵਿਦਿਆਰਥੀਆ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਬਹੁਤ ਅਗਾਂਹਵਧੂ ਹੈ ਇਸ ਕਰਕੇ ਉਹ ਖੇਤੀਬਾੜੀ ਦੇ ਕਾਰੋਬਾਰ ਨੂੰ ਨਵੀਆਂ ਰਾਹਾਂ ਵੱਲ ਲਿਜਾਉਣ ਦੀ ਤਾਕਤ ਰੱਖਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨਵੇਂ-ਨਵੇਂ ਵਿਚਾਰਾਂ ਨਾਲ ਖੇਤੀਬਾੜੀ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾ ਸਕਦੀਆਂ ਹਨ ਤੇ ਆਧੁਨਿਕ ਢੰਗਾਂ ਨਾਲ ਖੇਤੀ ਕਰਕੇ ਵੱਧ ਮੁਨਾਫਾ ਕਮਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਜਹਿਰ ਮੁਕਤ ਆਰਗੈਨਿਕ ਖੇਤੀ ਕਰਨ ਵੱਲ ਪ੍ਰੇਰਿਤ ਕਰਨ ਤਾਂ ਜੋ ਸਾਡੀ ਅਗਲੀ ਪੀੜ੍ਹੀ ਲਈ ਜਮੀਨ ਦੀ ਉਪਜਾਊ ਸ਼ਕਤੀ ਨਸ਼ਟ ਨਾ ਹੋਵੇ। ਉਨ੍ਹਾਂ ਸਕੂਲੀ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰੋ ਕਿ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜੀਆਂ ਆਦਿ ਦੀ ਖੇਤੀ ਕਰਨ ਤੇ ਵੱਧ ਮੁਨਾਫਾ ਕਮਾਉਣ। ਉਨ੍ਹਾਂ ਕਿਹਾ ਕਿ ਸ਼ੁੱਧ ਤੇ ਗੰਦਗੀ ਮੁਕਤ ਵਾਤਾਵਰਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸੁਯੋਗ ਨਿਪਟਾਰਾ ਕਰਨਾ ਚਾਹੀਦਾ ਹੈ। ਡੀ.ਡੀ.ਐਫ ਆਸ਼ੀਸ਼ ਦੂਬੇ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਅੱਜ ਦੇ ਤਕਨੀਕੀ ਯੁਗ ਵਿਚ ਗਿਆਨ ਦੀ ਪ੍ਰਾਪਤੀ ਲਈ ਇੰਟਰਨੈਟ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਗੂਗਲ ਕਰਨ ਤੇ ਕੋਈ ਵੀ ਕਿਤੇ ਨਾਲ ਸਬੰਧਤ ਜਾਣਕਾਰੀ ਬੜੀ ਅਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਆਪਣੀ ਸੋਚ ਨੂੰ ਵੱਡਾ ਕਰਦਿਆਂ ਨਵੇਂ-ਨਵੇਂ ਵਿਚਾਰ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਅਸੀਂ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਉਹ ਅਖਬਾਰਾਂ ਪੜ੍ਹਨ ਅਤੇ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਦਫਤਰ ਤੋਂ ਕਿਤਾਬਾਂ ਵੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਆਈ.ਏ.ਐਸ., ਪੀ.ਸੀ.ਐੱਸ, ਆਈ.ਪੀ.ਐੱਸ. ਬਣਨਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ ਇਸ ਲਈ ਵਿਦਿਆਰਥੀ ਸਕੂਲ ਦੇ ਗਾਈਡੈਂਸ ਸੈੱਲ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹਨ। ਸਕੂਲ ਪ੍ਰਿੰਸੀਪਲ ਸ੍ਰੀਮਤੀ ਮੰਜੂ ਠਕਰਾਲ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਤਾਂ ਆਪਣੀ ਸੋਚ ਨੂੰ ਵੱਡਾ ਕਰਨਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਚੰਗੇ ਮੁਕਾਮ ਤੇ ਪਹੁੰਚਣ ਲਈ ਸਕਾਰਾਤਮਕ ਸੋਚ ਵੱਲ ਰੁਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੋਚ ਚੰਗੀ ਹੋਵੇਗੀ ਤਾਂ ਅਸੀਂ ਕੋਈ ਵੀ ਮੰਜ਼ਲ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣਾ ਇਕ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਤੇ ਉਸ ਇਨਸਾਨ ਦੀ ਤਰ੍ਹਾਂ ਬਣ ਕੇ ਚੰਗੇ ਮੁਕਾਮ ਤੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਟੈਕਨੀਕਲ ਕੁਆਰਡੀਨੇਟਰ ਮਨੀਸ਼ ਠਕਰਾਲ, ਕੰਪਿਊਟਰ ਅਧਿਆਪਕ ਵਿਸ਼ਾਲ ਵਾਟਸ ਆਦਿ ਸਟਾਫ ਮੌਜੂਦ ਸੀ।