ਮੁੱਲਾਂਪੁਰ ਦਾਖਾ 12 ਅਕਤੂਬਰ,(ਸਤਵਿੰਦਰ ਸਿੰਘ ਗਿੱਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਛੀਨ ਜ਼ਿਲ੍ਹਾ ਲੁਧਿਆਣਾ ਵਿਖੇ ਉੱਘੇ ਪੰਜਾਬੀ ਲੇਖਕ ਅਤੇ ਪੰਜਾਬੀ ਮਾਸਟਰ ਬਲਵੰਤ ਫ਼ਰਵਾਲ਼ੀ ਸਕੂਲ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ। ਜੋ ਸਰਕਾਰੀ ਹਾਈ ਸਕੂਲ ਝੁਨੇਰ ਜ਼ਿਲ੍ਹਾ ਮਲੇਰਕੋਟਲਾ ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਹੇ ਸ. ਬਲਵੰਤ ਸਿੰਘ ਫ਼ਰਵਾਲ਼ੀ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ਼ ਜੁੜੇ ਹੋਏ ਹਨ। ਇੱਕ ਲੇਖਕ ਵਜੋਂ ਉਹ ਪੰਜਾਬੀ ਸਾਹਿਤ ਦੀ ਝੋਲ਼ੀ ਵਿੱਚ ਚਾਰ ਕਿਤਾਬਾਂ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਦੋ ਕਾਵਿ ਸੰਗ੍ਰਹਿ ਅਣਗੌਲ਼ੇ ਰਾਹ ,ਚਹਮੁਖੀਏ ਦੀਵੇ,ਇੱਕ ਨਾਵਲ 'ਸ਼ਿਵਚਰਨ' ਅਤੇ ਹੁਣੇ ਆਇਆ ਕਹਾਣੀ ਸੰਗ੍ਰਹਿ 'ਅੰਦਰਲੇ ਯੁੱਧ' ਸ਼ਾਮਿਲ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਿਕ ਬਲਵੰਤ ਫ਼ਰਵਾਲ਼ੀ ਨੇ ਵਿਦਿਆਰਥੀਆਂ ਨਾਲ਼ ਪੰਜਾਬੀ ਸਾਹਿਤ ਦੀਆਂ ਬਰੀਕੀਆਂ ਅਤੇ ਵਿਦਿਆਰਥੀ ਜੀਵਨ ਨਾਲ਼ ਸਬੰਧਤ ਕਈ ਮਸਲਿਆਂ 'ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਸਵਾਲ-ਜਵਾਬ ਮਿਲਣੀ ਨੂੰ ਇੱਕ ਵਿਚਾਰ ਗੋਸ਼ਟੀ ਦਾ ਰੂਪ ਦੇ ਗਏ। ਬਲਵੰਤ ਫ਼ਰਵਾਲ਼ੀ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੁੜਨ ਅਤੇ ਨੈਤਿਕ ਤੌਰ 'ਤੇ ਉੱਚਾ ਉੱਠਣ ਦੀ ਪ੍ਰੇਰਨਾ ਦਿੱਤੀ।ਇਸ ਸਮੇਂ ਪੰਜਾਬੀ ਮਾਸਟਰ ਸ. ਨਰਿੰਦਰ ਸਿੰਘ ਨੇ ਸਟੇਜ ਸੰਚਾਲਨ ਦਾ ਕਾਰਜ ਸੰਭਾਲਿਆ।ਪ੍ਰਿੰਸੀਪਲ ਮੈਡਮ ਨਰਿੰਦਰ ਕੌਰ ਜੀ ਨੇ ਬਲਵੰਤ ਫ਼ਰਵਾਲ਼ੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਦੱਸੇ ਨੁਕਤਿਆਂ ਨੂੰ ਅਮਲ ਵਿੱਚ ਲਿਆਉਣ ਦੀ ਤਾਕੀਦ ਕੀਤੀ।ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ਼ ਵੱਲੋਂ ਬਲਵੰਤ ਫ਼ਰਵਾਲ਼ੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵਜੋਂ ਜਸਵੰਤ ਸਿੰਘ,ਨਰਿੰਦਰ ਸਿੰਘ, ਪਰਮਿੰਦਰ ਸਿੰਘ,ਲਖਵੀਰ ਸਿੰਘ, ਯਸਮੀਨ ਖਾਂ, ਮੈਡਮ ਹਰਪਾਲ ਕੌਰ,ਮੈਡਮ ਜਰਨੈਲ ਕੌਰ, ਸ਼ਬਨਮ ਕੌਰ ਸੋਹੀ,ਮੈਡਮ ਕਮਲਜੀਤ ਕੌਰ, ਮੈਡਮ ਸੰਦੀਪ ਕੌਰ ,ਬੇਅੰਤ ਕੌਰ, ਸਿਮਰਜੀਤ ਕੌਰ ਹਾਜ਼ਰ ਰਹੇ।