ਪਟਿਆਲਾ, 26 ਜੂਨ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਉਣ ਲਈ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਮੋਬਲਾਈਜੇਸ਼ਨ ਪੰਦਰ੍ਹਵਾੜਾ (ਦੰਪਤੀ ਸੰਪਰਕ ਪੰਦਰ੍ਹਵਾੜਾ) ਮਨਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕਰਨ ਮੌਕੇ ਸਿਵਲ ਸਰਜਨ ਡਾ. ਰਾਮਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਆਸ਼ਾ ਵਰਕਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਪੰਦ੍ਹਰਵਾੜੇ ਦੌਰਾਨ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਸਿਹਤਮੰਦ ਮਾਂ ਅਤੇ ਬੱਚੇ ਲਈ ਪਹਿਲਾ ਬੱਚਾ ਵਿਆਹ ਤੋਂ ਦੋ ਸਾਲ ਬਾਅਦ ਅਤੇ ਦੂਜਾ ਬੱਚਾ ਤਿੰਨ ਸਾਲ ਬਾਅਦ ਕਰਨ, ਪਰਿਵਾਰਾਂ ਨੂੰ ਲੜਕੀ ਦੇ ਵਿਆਹ 18 ਸਾਲ ਤੋਂ ਪਹਿਲਾਂ ਅਤੇ ਲੜਕੇ ਦਾ ਵਿਆਹ 21 ਸਾਲ ਤੋਂ ਘੱਟ ਉਮਰ ਤੇ ਨਾ ਕਰਨ ਲਈ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਵਾਰ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ "ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਵਿਚ ਅਸੀ ਲਈਏ ਇਹ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਵਾਂਗੇ ਖ਼ੁਸ਼ੀਆਂ ਦਾ ਵਿਕਲਪ” ਤਹਿਤ ਮਨਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸਾਰੀਆਂ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਐਸ.ਜੇ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਤਹਿਤ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ, ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਪੀ.ਪੀ.ਆਈ.ਯੂ.ਸੀ.ਡੀ. ਜੋ ਕਿ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ, 5 ਸਾਲ ਤੱਕ ਗਰਭ ਨਿਰੋਧਕ ਵੱਜੋ ਕੰਮ ਕਰਦੀ ਹੈ। ਬੱਚਿਆਂ ਵਿੱਚ ਵੱਖਵਾ ਰੱਖਣ ਲਈ ਗਰਭ ਨਿਰੋਧਕ ਗੋਲੀ ਛਾਯਾ ਵੀ ਇੱਕ ਸੁਰੱਖਿਅਤ ਤੇ ਅਸਰਦਾਰ ਤਰੀਕਾ ਹੈ। ਅੰਤਰਾ ਪ੍ਰੋਗਰਾਮ ਤਹਿਤ ਗਰਭ ਰੋਕੂ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਟੀਕਾ ਜਣੇਪੇ ਤੋਂ 6 ਹਫ਼ਤੇ ਬਾਅਦ ਮਾਹਵਾਰੀ ਆਉਣ ਦੇ 7 ਦਿਨਾਂ ਦੇ ਅੰਦਰ ਅੰਦਰ ਲਗਵਾਉਣਾ ਪਵੇਗਾ ਅਤੇ ਇਸ ਟੀਕੇ ਦਾ ਅਸਰ ਤਿੰਨ ਮਹੀਨੇ ਰਹੇਗਾ। ਜਦੋਂ ਤੱਕ ਔਰਤ ਨੂੰ ਬੱਚਾ ਨਹੀਂ ਚਾਹੀਦਾ ਉਸ ਸਮੇਂ ਤੱਕ ਹਰ ਤਿੰਨ ਮਹੀਨੇ ਬਾਅਦ ਇਹ ਟੀਕਾ ਮੁੜ ਲਗਵਾਉਣਾ ਪਵੇਗਾ। ਇਹ ਟੀਕਾ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਹਸਪਤਾਲ, ਸੀ.ਐਚ.ਸੀ/ਪੀ.ਐਚ.ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਚਨਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਜਸਵਿੰਦਰ, ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸੁਮੀਤ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਤੋ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ, ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ਹਾਜ਼ਰ ਸਨ।