- ਮੰਡੀਆਂ 'ਚੋਂ 7 ਲੱਖ 56 ਹਜ਼ਾਰ ਮੀਟਰਿਕ ਟਨ ਕਣਕ ਦੀ ਹੋਈ ਲਿਫਟਿੰਗ
ਪਟਿਆਲਾ, 7 ਮਈ : ਮੌਜੂਦਾ ਹਾੜੀ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਪੁੱਜੀ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਨਾਲੋਂ ਨਾਲ ਖਰੀਦ ਸਦਕਾ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਕਿਸਾਨਾਂ ਨੂੰ ਫ਼ਸਲ ਵਿਕਣ ਦੇ ਕੁਝ ਹੀ ਘੰਟਿਆਂ 'ਚ ਅਦਾਇਗੀ ਕਰਕੇ ਖਰੀਦ ਏਜੰਸੀਆਂ ਨੇ ਬੇਮੌਸਮੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆਉਣ ਦਾ ਕੰਮ ਕੀਤਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਹੋਈ ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 293252 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਤੇ ਕਿਸਾਨਾਂ ਨੂੰ 621.26 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਮਾਰਕਫੈਡ ਨੇ 215717 ਮੀਟਰਿਕ ਟਨ ਦੀ ਖਰੀਦ ਅਤੇ 457.02 ਕਰੋੜ ਦੀ ਅਦਾਇਗੀ ਕੀਤੀ ਹੈ। ਪਨਸਪ ਵੱਲੋਂ 198485 ਮੀਟਰਿਕ ਟਨ ਦੀ ਖਰੀਦ ਤੇ 418.44 ਕਰੋੜ ਦੀ ਅਦਾਇਗੀ ਕੀਤੀ ਗਈ ਜਦਕਿ ਵੇਅਰ ਹਾਊਸ ਨੇ 157611 ਮੀਟਰਿਕ ਟਨ ਦੀ ਖਰੀਦ ਅਤੇ 333.25 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵਪਾਰੀਆਂ ਵੱਲੋਂ 23574 ਮੀਟਰਿਕ ਟਨ ਕਣਕ ਖਰੀਦੀ ਗਈ ਹੈ ਤੇ 49.60 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 888639 ਮੀਟਰਿਕ ਟਨ ਕਣਕ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਆਈ ਹੈ ਤੇ ਸਾਰੀ ਦੀ ਹੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਕੁੱਲ 1876.57 ਕਰੋੜ ਦੀ ਅਦਾਇਗੀ ਵੀ ਜਾ ਚੁੱਕੀ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਿਛਲੇ ਸਾਲ 624470 ਮੀਟਰਿਕ ਟਨ ਦੇ ਮੁਕਾਬਲੇ ਇਸ ਵਾਰ 2 ਲੱਖ 64 ਹਜ਼ਾਰ ਮੀਟਰਿਕ ਟਨ ਕਣਕ ਦੀ ਮੰਡੀਆਂ 'ਚ ਜ਼ਿਆਦਾ ਆਮਦ ਹੋਈ ਹੈ ਜੋ ਕਿ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਹੁਣ ਤੱਕ 7 ਲੱਖ 56 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਉਸਨੂੰ ਖੇਤਾਂ 'ਚ ਹੀ ਮਿਲਾਕੇ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਖੇਤ 'ਚ ਅੱਗ ਲੱਗਣ ਨਾਲ ਜਿਥੇ ਫਸਲਾਂ ਦੇ ਮਿੱਤਰ ਕੀੜੇ ਮਰਦੇ ਹਨ, ਉਥੇ ਹੀ ਵਾਤਾਵਰਣ ਦਾ ਵੀ ਨੁਕਸਾਨ ਹੁੰਦਾ ਹੈ ਜੋ ਸਿੱਧੇ ਤੌਰ 'ਤੇ ਮਨੁੱਖ, ਜਾਨਵਰਾਂ ਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ।