- ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਿਸ਼ੇਸ਼ ਤੌਰ 'ਤੇ ਕੀਤੀ ਗਈ ਸ਼ਿਰਕਤ
ਲੁਧਿਆਣਾ, 28 ਮਾਰਚ : ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਲਾਈਵ ਫੇਸਬੁਕ ਸ਼ੈਸ਼ਨ ਰਾਹੀਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਲਈ ਵਚਨਬੱਧ ਹੈ ਜਿਸਦੇ ਤਹਿਤ ਸੂਬੇ ਵਿੱਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਸ਼੍ਰੀਮਤੀ ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਮਿਨਾਕਸ਼ੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਗਿਆ, ਜਿਸ ਵਿੱਚ ਲੜਕੀਆਂ ਨੂੰ ਆਰਮਡ ਫੋਰਸਿਜ ਵਿੱਚ ਲੜਕੀਆਂ ਲਈ ਕਰੀਅਰ ਦੇ ਦ੍ਰਿਸ਼ਟੀਕੋਣ: ਮੌਕੇ ਅਤੇ ਚੁਣੌਤੀਆਂ ਬਾਰੇ ਮੇਜਰ ਜਨਰਲ ਜਸਵੀਰ ਸਿੰਘ ਸੰਧੂ, ਏ.ਵੀ.ਐਸ.ਐਮ. ਡਾਇਰੈਕਟਰ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸੀਚਿਊਟ ਫਾਰ ਗਰਲਜ ਦੁਆਰਾ ਜਾਣੂੰ ਕਰਵਾਇਆ ਗਿਆ। ਇਸ ਆਨਲਾਈਨ ਸੈਮੀਨਾਰ ਨੂੰ ਡੀ.ਬੀ.ਈ.ਈ. ਲੁਧਿਆਣਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਦੇ ਲੱਗਭੱਗ 60 ਪ੍ਰਾਰਥੀਆਂ ਨੇ ਲਾਈਵ ਅਟੈਂਡ ਕੀਤਾ। ਵੈਬ ਸੈਮੀਨਾਰ ਦੀ ਸਮਾਪਤੀ ਉਪਰੰਤ ਡਿਪਟੀ ਡਾਇਰੈਕਟਰ ਸ਼ਰਮਾ ਵਲੋਂ ਪ੍ਰਾਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਵਿਸ਼ਿਆਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਅਤੇ ਦੱਸਿਆ ਕਿ ਕਿਵੇਂ ਖੇਡਾਂ ਸ਼ਰੀਰਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਦੇ ਈ.ਜੀ.ਐਸ.ਡੀ.ਟੀ.ਓ. ਸੁਖਮਨ ਮਾਨ ਵਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾਣਗੇ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।