ਪਟਿਆਲਾ : ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ ਤਿੰਨ ਦਿਨਾ ਅੰਤਰ-ਵਰਿਸਟੀ ਯੁਵਕ ਮੇਲਾ ਤੀਜੇ ਦਿਨ ਭੰਗੜੇ ਦੀਆਂ ਧਮਾਲਾਂ ਨਾਲ਼ ਆਪਣੇ ਸਿਖ਼ਰ ਉੱਤੇ ਪਹੁੰਚਦਿਆਂ ਹੋਇਆਂ ਸਫਲਤਾ ਸਹਿਤ ਸੰਪੰਨ ਹੋ ਗਿਆ। 13 ਯੂਨੀਵਰਸਿਟੀਆਂ ਦੇ 1200 ਦੇ ਕਰੀਬ ਵੱਲੋਂ 39 ਵੱਖ-ਵੱਖ ਕਲਾ-ਵੰਨਗੀਆਂ ਵਿੱਚ ਸ਼ਿਰਕਤ ਕੀਤੀ ਗਈ। ਸਮੁੱਚੇ ਮੁਕਾਬਲਿਆਂ ਵਿੱਚ ਪ੍ਰਾਪਤ ਅੰਕਾਂ ਦੇ ਕੁੱਲ ਜੋੜ ਦੇ ਅਧਾਰ ਉੱਤੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਇਸ ਮੇਲੇ ਦੀ ਓਵਰ-ਆਲ ਟਰਾਫ਼ੀ ਜਿੱਤਣ ਵਿੱਚ ਸਫਲ ਰਹੀ। ਦੂਜਾ ਸਥਾਨ ਭਾਵ ਪਹਿਲਾ ਰਨਰ-ਅਪ ਐਵਾਰਡ ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਅਤੇ ਤੀਜਾ ਸਥਾਨ ਭਾਵ ਦੂਜਾ ਰਨਰ-ਅਪ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਹਿੱਸੇ ਆਇਆ। ਯੁਵਕ ਮੇਲੇ ਦੇ ਆਖਰੀ ਦਿਨ ਮੁੱੱਖ ਮੰਤਰੀ ਭਗਵੰਤ ਮਾਨ, ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਉਚੇਚੇ ਰੂਪ ਵਿੱਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਆਪਣੀਆਂ ਪ੍ਰਰੇਣਾਤਮਕ ਦਲੀਲਾਂ ਨਾਲ ਸ਼ਿਰਕਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਦੀ ਤਾਕਤ ਵਿੱਚ ਬਹੁਤ ਵਿਸ਼ਵਾਸ਼ ਕਰਦੇ ਹਾਂ। ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਕੰਮ ਕਰਨਾ ਸਰਕਾਰ ਦੇ ਤਰਜੀਹੀ ਏਜੰਡਿਆਂ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਨੁਹਾਰ ਬਦਲਣ ਜਾ ਰਹੀ ਹੈ ਕਿਉਂਕਿ ਵੱਡੇ ਪੱਧਰ ਦੀਆਂ ਵੱਖ-ਵੱਖ ਕੌਮਾਂਤਰੀ ਫਰਮਾਂ ਇੱਥੇ ਨਿਵੇਸ਼ ਕਰਨ ਲਈ ਪਧਾਰ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਨਾਲ ਆਪਣੀਆਂ ਭਾਵਨਾਤਮਕ ਸਾਂਝਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਲ ਮੇਰੇ ਲਈ ਕੋਈ ਨਵਾਂ ਨਹੀਂ ਹੈ ਸ਼ਹੀਦ ਊਧਮ ਸਿੰਘ ਕਾਲਜ ਵਿਚਲੇ ਆਪਣੇ ਵਿਦਿਆਰਥੀ ਸਮੇਂ ਤੋਂ ਹੀ ਉਹ ਯੁਵਕ ਮੇਲਿਆਂ ਦੌਰਾਨ ਇਸ ਹਾਲ ਨਾਲ ਜੁੜੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਸਟੇਜ ਉੱਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਗੋਲਡ ਮੈਡਲ ਹਾਸਿਲ ਹੋਇਆ ਸੀ। ਇਹ ਵੱਡੇ-ਵੱਡੇ ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਇਹ ਰਨ-ਵੇਅ ਵਾਂਗ ਹੈ ਜਿੱਥੋਂ ਉਡਾਨ ਭਰ ਕੇ ਉਹ ਅੱਜ ਉੱਚੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ ਹਨ। ਪੰਜਾਬੀ ਯੂਨੀਵਰਸਿਟੀ ਦੀਆਂ ਵਿੱਤੀ ਦੇਣਦਾਰੀਆਂ ਬਾਰੇ ਸੰਕੇਤਕ ਤੌਰ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਕਰਜ਼ੇ ਹੇਠਾਂ ਨਹੀਂ ਰਹਿਣਾ ਚਾਹੀਦਾ। ਅਸੀਂ ਇਸ ਸੰਬੰਧੀ ਪੂਰੀ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿੱਦਿਆ ਜੇਕਰ ਤੀਜਾ ਨੇਤਰ ਹੈ ਤਾਂ ਸਰਕਾਰ ਨੂੰ ਆਪਣਾ ਖਜ਼ਾਨਾ ਰੂਪੀ 'ਚੌਥਾ ਨੇਤਰ' ਇਸ ਵੱਲ ਖੋਲ੍ਹ ਦੇਣਾ ਚਾਹੀਦਾ ਹੈ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਜਿੱਥੇ ਪੰਜਾਬ ਸਰਕਾਰ ਦਾ ਇਸ ਮੇਲੇ ਦੇ ਆਯੋਜਨ ਹਿਤ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਸਵੈ-ਵਿਸ਼ਵਾਸ਼ ਭਰਦੇ ਹਨ ਕਿਉਂਕਿ ਮੇਲਿਆਂ ਰਾਹੀਂ ਉਪਲਬਧ ਮੰਚਾਂ ਰਾਹੀਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਅਤੇ ਨਿਖਾਰਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਉੱਪਰ ਸੁਨਹਿਰੀ ਅੱਖਰਾਂ ਵਿੱਚ ਉੱਕਰ ਦੇਣ ਦੀ ਪ੍ਰਕਿਰਿਆ ਵਿੱਚ ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਕੰਮ ਕਰੇਗੀ।