
- ਡਿਪਟੀ ਕਮਿਸ਼ਨਰ ਨੇ ਪੁਲੀਸ, ਅਧਿਆਪਕਾਂ, ਸਿਹਤ ਵਿਭਾਗ ਤੇ ਹੋਰਨਾਂ ਨਾਲ ਕੀਤੀ ਬੈਠਕ
ਬਰਨਾਲਾ, 28 ਸਤੰਬਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਜੰਗ ਤਹਿਤ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸਾਂ ਅਤੇ ਸਮਾਜਿਕ ਕੰਮਾਂ ਵੱਲ ਮੋੜਨ ਦੀ ਲੋੜ ਹੈ ਤਾਂ ਜੋ ਉਹ ਨਸ਼ੇ ਵਰਗੀ ਅਲਾਮਤ ਤੋਂ ਦੂਰ ਰਹਿਣ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਨਸ਼ਿਆਂ ਖਿਲਾਫ ਵਿਉਂਤਬੰਦੀ ਦਾ ਖਾਕਾ ਤਿਆਰ ਕਰਨ ਲਈ ਵੱਖ ਵੱਖ ਵਿਭਾਗਾਂ ਦੀ ਬੁਲਾਈ ਵਿਸ਼ੇਸ਼ ਬੈਠਕਾਂ ਨੂੰ ਸਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਦਾ ਤਾਲਮੇਲ ਵਰਦੀਧਾਰੀ ਸਰਕਾਰੀ ਲੋਕ ਜਿਵੇਂ ਕਿ ਪੁਲੀਸ ਅਤੇ ਆਰਮੀ ਨਾਲ ਜ਼ਰੂਰ ਕੀਤਾ ਜਾਵੇ ਤਾਂ ਜੋ ਇਹ ਬੱਚੇ ਵੀ ਵਰਦੀ ਧਾਰੀ ਨੌਕਰੀਆਂ ਲੈਣ ਲਈ ਪ੍ਰੇਰਿਤ ਹੋਣ, ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਇਸੇ ਤਰ੍ਹਾਂ ਉਨ੍ਹਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਕੂਲੀ ਬੱਚਿਆਂ ਦੇ ਦੌਰੇ ਸਰਕਾਰੀ ਦਫਤਰਾਂ ਅਤੇ ਅਫ਼ਸਰਾਂ ਦੇ ਦਫਤਰਾਂ 'ਚ ਕਰਵਾਉਣ ਤਾਂ ਜੋ ਬੱਚੇ ਸਰਕਾਰੀ ਕੰਮਾਂ ਨੂੰ ਸਮਝ ਸਕਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁਖੀ ਕੋਰਸਾਂ ਜਿਵੇਂ ਕਿ ਆਈ ਟੀ ਰਿਟਰਨ ਭਰਨਾ, ਜੀ ਐੱਸ ਟੀ ਭਰਨਾ, ਸਕੂਟਰ ਮਕੈਨਿਕ ਕੋਰਸ ਆਦਿ ਕਰਵਾਏ ਜਾਣ ਜਿਸ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀ ਐਮ ਵਿਸ਼ਵਕਰਮਾ ਸਕੀਮ ਤਹਿਤ ਮਦਦ ਮਿਲ ਸਕੇ। ਨਾਲ ਹੀ ਉਨ੍ਹਾਂ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਸਕੂਲੀ ਬੱਚਿਆਂ ਨੂੰ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ 'ਚ ਆਪਣੇ ਨਾਲ ਲਗਾਉਣ ਅਤੇ ਉਨ੍ਹਾਂ ਦੀਆਂ ਸੇਵਾਵਾਂ ਲੈਣ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ, ਐੱਸ. ਪੀ. ਰਮਨੀਸ਼ ਚੌਧਰੀ, ਡੀ ਐਸ ਪੀ ਸਤਵੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਵਸੁੰਧਰਾ ਕਪਿਲਾ, ਵੱਖ ਵੱਖ ਸਕੂਲਾਂ ਦੇ ਮੁਖੀ ਆਦਿ ਹਾਜ਼ਰ ਸਨ।