
ਬਰਨਾਲਾ, 16 ਅਪ੍ਰੈਲ 2025 : ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੀ ਟੀਮ ਵਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਬਰਨਾਲਾ ਜਿਲੇ ਦੇ ਪਟਵਾਰੀ ਤੇ ਫ਼ੀਲਡ ਕਾਨੂੰਗੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਦਕਿ ਇਸ ਮਾਮਲੇ ਵਿੱਚ ਸ਼ਾਮਿਲ ਫੀਲਡ ਕਾਨੂੰਗੋ ਦੀ ਭੈਣ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਜਾਰੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਅਧਕਾਰੀਆਂ ਨੇ ਦੱਸਿਆ ਕਿ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਸੁਰਿੰਦਪਾਲ ਸਿੰਘ ਪਰਮਾਰ ਆਈਪੀਐਸ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਪਤਾਨ ਪੁਲਿਸ,ਵਿਜੀਲੈਂਸ ਬਿਊਰੋ ਪਟਿਆਲਾ ਰੇਂਜ, ਪਟਿਆਲਾ ਰਾਜਪਾਲ ਸਿੰਘ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ ਤੇ ਖਤਮ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਰਿਸ਼ਵਤ ਲੈਣ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਵਿਜੀਲੈਂਸ ਬਿਉਰੋ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਲੇਟ ਮਨਜੀਤ ਸਿੰਘ ਧਾਲੀਵਾਲ ਵਾਸੀ ਠੁੱਲੀਵਾਲ ਵੱਲੋਂ ਇਕ ਸ਼ਿਕਾਇਤ ਪ੍ਰਾਪਤ ਹੋਈ ਕਿ ਵਜੀਦਕੇ ਕਲਾਂ ਵਿਖੇ ਤਾਇਨਾਤ ਪਟਵਾਰੀ ਮੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪੱਤੀ ਔਲਖ ਪਿੰਡ ਠੀਕਰੀਵਾਲ ਤੇ ਫੀਲਡ ਕਾਨੂੰਗੋ ਸੰਘੇੜਾ ਗੁਰਚਰਨ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਠੁੱਲੀਵਾਲ ਤੇ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਪਿੰਡ ਨੰਗਲ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਪਾਸੋਂ ਉਸ ਦਾ ਕੰਮ ਕਰਨ ਬਦਲੇ 10,000/-ਰੁਪਏ ਅਤੇ ਫਿਰ 5000/-ਰੂਪੇ ਕੁੱਲ 15000/-ਰੂਪੈ ਬਤੌਰ ਰਿਸਵਤ ਹਾਸਲ ਕੀਤੇ ਹਨ। ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਵਿਜੀਲੈਂਸ ਬਿਉਰੋ ਵਲੋਂ ਬੁੱਧਵਾਰ ਨੂੰ ਮੰਦਰ ਸਿੰਘ ਪਟਵਾਰੀ ਤੇ ਗਰਚਰਨ ਸਿੰਘ ਫੀਲਡ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਮੁਲਜ਼ਮ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਪਿੰਡ ਨੰਗਲ ਦੀ ਗ੍ਰਿਫ਼ਤਾਰੀ ਬਾਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਹਿੰਦਰ ਕੌਰ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵੱਲੋਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੀਤਾ ਗਿਆ ਹੈ।