- ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੈਟਨਰੀ ਟੀਮਾਂ ਪਸ਼ੂਆਂ ਦੀ ਸਿਹਤ ਸੇਵਾਵਾਂ ਲਈ ਲਗਾਤਾਰ ਕਾਰਜਸ਼ੀਲ
ਮਾਨਸਾ, 21 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਰਾਹਤ ਦੇਣ ਲਈ ਜਿੱਥੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ ਹੈ ਉੱਥੇ ਹੀ ਪਸ਼ੂਧੰਨ ਦੀ ਦੇਖਭਾਲ ਅਤੇ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਵੱਲੋਂ ਵੀ 24 ਘੰਟੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਹਰਜਿੰਦਰ ਪਾਲ ਗੋਜਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਦੇ ਇਕ ਕਿਸਾਨ ਵੱਲੋਂ ਸੂਚਨਾ ਪ੍ਰਾਪਤ ਹੋਣ ’ਤੇ ਕਿਸਾਨ ਦੀ ਦੁਧਾਰੂ ਮੱਝ ਨੂੰ ਆ ਰਹੀ ਗੰਭੀਰ ਸਮੱਸਿਆ ਦਾ ਵਿਭਾਗ ਦੀ ਟੀਮ ਵੱਲੋਂ ਡਾ. ਹਰਮਨਜੀਤ ਸਿੰਘ ਦੀ ਅਗਵਾਈ ਵਿਚ ਤੁਰੰਤ ਪਹੁੰਚ ਕਰਕੇ ਇਲਾਜ਼ ਸ਼ੁਰੂ ਕਰਦਿਆਂ ਦੁਧਾਰੂ ਪਸ਼ੂ ਦੀ ਜਾਨ ਬਚਾਈ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪ੍ਰਭਾਵਿਤ ਪਸ਼ੂਆਂ ਦਾ ਇਲਾਜ਼ ਕਰ ਰਹੀਆਂ ਹਨ। ਪਸ਼ੂਆਂ ਲਈ ਲੋੜੀਂਦੀਆਂ ਦਵਾਈਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।