ਉਰਦੂ ਹਿੰਦੀ ਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਦਾ ਕੈਬਨਿਟ ਮੰਤਰੀ ਧਾਲੀਵਾਲ ਹੱਥੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ

ਲੁਧਿਆਣਾ 22 ਅਕਤੂਬਰ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਰਦੂ , ਹਿੰਦੀ ਤੇ ਪੰਜਾਬੀ ਜ਼ਬਾਨ ਦੇ ਪ੍ਰਮੁੱਖ ਕਵੀ ਜਨਾਬ ਸਰਦਾਰ ਪੰਛੀ ਨੂੰ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ ਕਰਦਿਆਂ ਪੰਜਾਬ ਦੇ ਪਰਵਾਸੀ ਮਾਮਲਿਆਂ ਸਬੰਧੀ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਦੇਸ਼ ਵੰਡ ਮਗਰੋਂ ਪੰਜਾਬ ਦੀਆਂ ਸਰਕਾਰਾਂ ਨੇ ਉਰਦੂ ਦੀ ਪੜ੍ਹਾਈ ਬੰਦ ਕਰਕੇ ਸਾਨੂੰ ਸਰਬ ਸਾਂਝੀ ਰਹਿਤਲ ਤੋਂ ਤੋੜਿਆ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਉਪਰਾਲਿਆਂ ਦੀ ਜ਼ਰੂਰਤ ਹੈ ਕਿ ਉਰਦੂ ਜਾਨਣ ਵਾਲਿਆਂ ਦੀ ਗਿਣਤੀ ਵਧੇ। ਭਾਵੇਂ ਭਾਸ਼ਾ ਵਿਭਾਗ ਪੰਜਾਬ ਬੜੀ ਤਨਦੇਹੀ ਨਾਲ ਉਰਦੂ ਦੀਆਂ ਜਮਾਤਾਂ ਜ਼ਿਲ੍ਹਾ ਸਦਰ ਮੁਕਾਮਾਂ ਤੇ ਕਰਵਾ ਰਿਹਾ ਹੈ ਪਰ ਉਰਦੂ ਜਾਨਣ ਵਾਲਿਆਂ ਨੂੰ ਵੀ ਵਾਲੰਟੀਅਰ ਤੌਰ ਤੇ ਉਰਦੂ ਪੜ੍ਹਾਈ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਜੱਦੀ ਪਿੰਡ ਜਗਦੇਵ ਕਲਾਂ ਪੇ ਪੰਜਾਬੀ ਜ਼ਬਾਨ ਨੂੰ ਦੋ ਮਹਾਨ ਕਵੀ ਹਾਸ਼ਮ ਸ਼ਾਹ ਤੇ ਬਾਬਾ ਨਜਮੀ ਦਿੱਤੇ ਹਨ, ਇਸੇ ਕਰਕੇ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਉਰਦੂ ਤੇ ਸ਼ਾਹਮੁਖੀ ਵਿੱਚ ਛਪੀਆਂ ਕਿਤਾਬਾਂ ਦਾ ਉਤਾਰਾ ਗੁਰਮੁਖੀ ਲਿਪੀ ਵਿੱਚ ਹੋਵੇ। ਉਨ੍ਹਾਂ ਆਖਿਆ ਕਿ ਫ਼ਰਵਰੀ ਮਹੀਨੇ ਵਿੱਚ ਹਾਸ਼ਮ ਸ਼ਾਹ ਯਾਦਗਾਰੀ ਸਾਹਿੱਤਕ ਮੇਲਾ ਜਗਦੇਵ ਕਲਾਂ(ਅੰਮ੍ਰਿਤਸਰ) ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਭਾਸ਼ਾ ਵਿਭਾਗ ਦੀ ਮਦਦ ਨਾਲ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਜ਼ਿਲ੍ਹੇਵਾਰ ਮੁਕਾਬਲੇ ਵੀ ਕਰਵਾਏ ਜਾਣਗੇ। ਸਾਹਨੇਵਾਲ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਇਸ ਮੌਕੇ ਜਨਾਬ ਸਰਦਾਰ ਪੰਛੀ ਜੀ ਨੂੰ ਲੋਕ ਪੀੜਾਂ ਦਾ ਪੇਸ਼ਕਾਰ ਕਿਹਾ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਦੁਆ ਕੀਤੀ। ਇਸ ਮੌਕੇ ਅਮਰੀਕਾ ਤੋਂ ਆਏ ਪਰਵਾਸੀ ਭਾਰਤੀ ਸਃ ਜਸਜੀਤ ਸਿੰਘ ਨੱਤ, ਪੰਜਾਬੀ ਕਵੀ ਜ਼ੋਰਾਵਰ ਸਿੰਘ ਪੰਛੀ, ਗੁਰਿੰਦਰਜੀਤ ਸਿੰਘ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਨਾਬ ਸਰਦਾਰ ਪੰਛੀ ਜੀ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ 1984 ਵਿੱਚ ਦੇਸ਼ ਭਰ ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਝੰਬੇ ਉਹ ਰਾਏ ਬਰੇਲੀ(ਯੂ ਪੀ) ਤੋਂ ਪੰਜਾਬ ਆ ਗਏ ਸਨ। “ਏਕ ਚਾਦਰ ਮੈਲੀ ਸੀ” ਤੇ “ਵਾਰਿਸ” ਫ਼ਿਲਮਾਂ ਦੇ ਕੁਝ ਗੀਤ ਲਿਖਣ ਤੋਂ ਇਲਾਵਾ ਉਹ ਹੁਣ ਤੀਕ ਹਿੰਦੀ, ਪੰਜਾਬੀ ਤੇ ਉਰਦੂ ਵਿੱਚ 34ਕਿਤਾਬਾਂ ਲਿਖ ਤੇ ਛਪਵਾ ਚੁਕੇ ਹਨ। ਹਿੰਦੀ ਵਿੱਚ ਮਜ਼ਦੂਰ ਕੀ ਪੁਕਾਰ,ਸਰੇ ਰਾਹ ਚਲਤੇ ਚਲਤੇ, ਅਨੁਕ੍ਰਿਤੀ, ਨਯਾ ਦਰਪਨ,ਕੁਰਬਾਨੀਉਂ ਕੇ ਵਾਰਿਸ, ਸ਼ਿਵਰੰਜਿਨੀ,ਜਯੋਤੀ ਕਲਸ਼ ਤੇ ਰੰਗ ਬਰੰਗੇ ਮੋਤੀ,ਉਰਦੂ ਵਿੱਚ ਸਾਂਵਲੇ ਸੂਰਜ,ਸੂਰਜ ਕੀ ਸ਼ਾਖੇਂ, ਟੁਕੜੇ ਟੁਕੜੇ ਆਈਨਾ,ਦਰਦ ਕਾ ਤਰਜ਼ੁਮਾਂ,ਅਧੂਰੇ ਬੁੱਤ,ਕਦਮ ਕਦਮ ਤਨਹਾਈ, ਨਕਸ਼ ਏ ਕਦਮ, ਪੰਛੀ ਕੀ ਪਰਵਾਜ਼, ਗੁਲਸਤਾਨੇ ਅਕੀਦਤ,ਬੋਸਤਾਨੇ ਅਕੀਦਤ, ਆਸਤਾਨੇ ਅਕੀਦਤ, ਮੇਰੀ ਨਜ਼ਰ ਮੇ ਆਪ,ਉਜਾਲੋਂ ਕੇ ਹਮਸਫ਼ਰ, ਖ਼ਾਕੇ ਰੰਗ ਔਰ ਮੈਂ, ਆਜ਼ਰ ਕੀ ਬੁੱਤਪ੍ਰਸਤੀ, ਜ਼ਾਅਫ਼ਰਾਨੀ ਰੰਗ-ਓ-ਬੂ, ਕਹਿਕਸ਼ਾਂ ਕੇ ਰੰਗ,ਅਬ੍ਰ-ਏ-ਰਵਾਂ ਕੀ ਬਾਜ਼ਗਸ਼ਤ, ਪੰਜਾਬੀ ਵਿੱਚ ਵੰਝਲੀ ਗੇ ਸੁਰ, ਪਿੱਛੇ ਰਹੀਆਂ ਪੈੜਾਂ, ਭਰ ਵਗਦਾ ਦਰਿਆ, ਪੰਛੀ ਦੀਆਂ ਝੱਲ ਵਲੱਲੀਆਂ,ਕੁਰਬਾਨੀਆਂ ਦੇ ਵਾਰਿਸ, ਵਿਹੜਾ ਗ਼ਜ਼ਲਾਂ ਦਾ ਤੇ ਰੰਗ ਬਰੰਗੇ ਮੋਤੀ ਮਹੱਤਵਪੂਰਨ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਆਪ ਨੂੰ ਸ਼੍ਰੋਮਣੀ ਉਰਦੂ ਕਵੀ ਵਜੋਂ ਸਨਮਾਨਿਤ ਕੀਤਾ ਜਾ ਚੁਕਾ ਹੈ। ਇਸ ਮੌਕੇ ਜਨਾਬ ਸਰਦਾਰ ਪੰਛੀ ਜੀ ਨੇ ਆਪਣਾ ਚੋਣਵਾਂ ਕਲਾਮ ਵੀ ਸੁਣਾਇਆ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਇੱਜ਼ਤ ਅਫ਼ਜ਼ਾਈ ਲਈ ਧੰਨਵਾਦ ਕੀਤਾ।