ਗਿੱਦੜਬਾਹਾ, 5 ਅਗਸਤ 2024 : ਮੁਕਤਸਰ ਸਾਹਿਬ ਦੇ ਹਲਕੇ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਅਗਲੇ ਦਿਨ ਸਰੋਵਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਭਤੀਜੇ ਸਾਹਿਲ ਕੁਮਾਰ (10) ਅਤੇ ਖੁਸ਼ਪ੍ਰੀਤ ਕੁਮਾਰ (9) ਬੀਤੀ ਸ਼ਾਮ ਘਰੋਂ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਨਿਕਲੇ ਸਨ ਪਰ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਏ। ਉਨ੍ਹਾਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਸੋਮਵਾਰ ਸਵੇਰੇ ਜਦੋਂ ਉਹ ਪਿਓਰੀ ਗੇਟ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਨਤਮਸਤਕ ਹੋਣ ਲਈ ਗਿਆ ਤਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਸਰੋਵਰ 'ਚ ਤੈਰ ਰਹੀਆਂ ਸਨ। ਦੂਜੇ ਪਾਸੇ ਥਾਣਾ ਗਿੱਦੜਬਾਹਾ ਦੀ ਪੁਲਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਹਿਲ ਕੁਮਾਰ 6ਵੀਂ ਜਮਾਤ 'ਚ ਅਤੇ ਖੁਸ਼ਪ੍ਰੀਤ 5ਵੀਂ ਜਮਾਤ 'ਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵਿਕਰੇਤਾ ਚਲਾਉਂਦੇ ਹਨ।
ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਇਹ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ।
ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਬੱਚੇ ਸਰੋਵਰ 'ਤੇ ਇਸ਼ਨਾਨ ਕਰਨ ਲਈ ਗਏ ਹੁੰਦੇ ਤਾਂ ਉਨ੍ਹਾਂ ਨੇ ਕੱਪੜੇ ਲਾਹ ਕੇ ਤੇ ਚੱਪਲਾਂ ਵੀ ਬਾਹਰ ਉਤਾਰਕੇ ਇਸ਼ਨਾਨ ਕਰਨਾ ਸੀ, ਪਰ ਬੱਚਿਆਂ ਨੇ ਕੱਪੜੇ ਵੀ ਪਾਏ ਹੋਏ ਸਨ ਤੇ ਉਹਨਾਂ ਦੀਆਂ ਚੱਪਲਾਂ ਵੀ ਸਰੋਵਰ ਵਿੱਚੋਂ ਹੀ ਮਿਲਿਆ ਹਨ। ਜਦੋਂ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਵਿੱਚੋਂ ਕੱਢੀਆ ਗਈਆਂ ਤਾਂ ਉਹਨਾਂ ਨੇ ਢਿੱਡ ਵੀ ਨਹੀਂ ਫੁੱਲੇ ਹੋਏ ਹਨ, ਕਿਉਂਕਿ ਜੋ ਵਿਅਕਤੀ ਡੁੱਬਕੇ ਮਰਦਾ ਹੈ ਤਾਂ ਢਿੱਡ ਅੰਦਰ ਪਾਣੀ ਭਰਨ ਨਾਲ ਉਹ ਫੁੱਲ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚਿਆਂ ਦੇ ਪਿਤਾ ਅਤੇ ਮਾਂ ਇਕੱਠੇ ਨਹੀਂ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਬੱਚਿਆਂ ਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਹਾਂ ਵਿਚਕਾਰ ਮਤਭੇਦ ਰਹਿੰਦਾ ਸੀ। ਜਦੋਂ ਇਹ ਦੋਵੇਂ ਵੱਖ ਹੋ ਗਏ ਤਾਂ ਬੱਚੇ ਆਪਣੇ ਪਿਤਾ ਕੋਲ ਹੀ ਰਹੇ। ਫਿਲਹਾਲ ਪੁਲਿਸ ਥਾਣਾ ਗਿੱਦੜਬਾਹਾ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਦੀ ਵੀ ਜਾਂਚ ਕਰ ਰਹੀ ਹੈ।