ਤਲਵੰਡੀ ਸਾਬੋ , 2 ਮਈ : ਤਲਵੰਡੀ ਸਾਬੋ ਪਾਵਰ ਪਲਾਂਟ (ਟੀ ਐਸ ਪੀ ਐੱਲ) ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੇ ਇੱਕ ਵਿਅਕਤੀ ਵਲੋਂ ਪੱਗ ਬੰਨ੍ਹਣ ਸਬੰਧੀ, ਜੋ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਤਾਪਘਰ ਜਾਂ ਇਸ ਦੀ ਪ੍ਰਬੰਧਕੀ ਟੀਮ ਨਾਲ ਬਿਲਕੁਲ ਵੀ ਕੋਈ ਸਬੰਧ ਨਹੀਂ ਹੈ। ਉਨਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਦਾ ਇਰਾਦਾ ਨੇਕ ਨਹੀਂ ਹੈ, ਜਿਸ ਦੇ ਖਿਲਾਫ ਆਪਾਂ ਸਾਰਿਆਂ ਨੂੰ ਡਟਣ ਦੀ ਲੋੜ ਹੈ, ਕਿਉਂਕਿ ਐਸੀਆਂ ਝੂਠੀਆਂ ਅਫਵਾਹਾਂ ਨਾਲ ਇਲਾਕੇ ਦਾ ਕਈ ਕਿਸਮ ਦਾ ਨੁਕਸਾਨ ਹੋ ਜਾਂਦਾ ਹੈ। ਉਨਾਂ ਕਿਹਾ ਕਿ ਟੀ.ਐੱਸ.ਪੀ.ਐੱਲ ਇਹਨਾਂ ਘਟੀਆ ਤੱਤਾਂ ਦੇ ਖਿਲਾਫ ਸੀ.ਆਰ.ਪੀ.ਸੀ. ਦੀ ਧਾਰਾ 154 ਦੇ ਤਹਿਤ ਐਫ.ਆਈ.ਆਰ. ਦਰਜ ਕਰਨ ਲਈ ਅੱਗੇ ਵਧਿਆ ਹੈ ਅਤੇ ਇਲਾਕੇ ਦੀਆਂ ਪੰਚਾਇਤਾਂ, ਸਮਾਜਿਕ ਕਲੱਬਾਂ ਅਤੇ ਧਾਰਮਿਕ ਧਿਰਾਂ ਸਮੇਤ ਸਾਰਿਆਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਦੂਰ ਰਹਿਕੇ ਅਜਿਹੇ ਬੰਦੇ ਨੂੰ ਮੂੰਹ ਨਾ ਲਾਉਣ ਲਈ ਬੇਨਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਵਲੋਂ ਸਾਰੇ ਹੀ ਧਰਮਾਂ ਪ੍ਰਤੀ ਸ਼ਰਧਾ ਰੱਖਦਿਆਂ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।