
- ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਹੀ ਚੱਲ ਰਹੇ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਦੌਰਾ
- ਮਰੀਜ਼ਾਂ ਤੋਂ ਸਿਹਤ ਸੇਵਾਵਾਂ ਦਾ ਲਿਆ ਰੀਵਿਊ, ਲੋਕਾਂ ਨੇ ਪ੍ਰਗਟਾਈ ਸੰਤੁਸ਼ਟੀ
- ਕਿਹਾ ! ਜ਼ਿਲ੍ਹੇ ਦੇ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਡਾਕਟਰਾਂ, ਸਟਾਫ਼ ਜਾਂ ਦਵਾਈਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ
ਮੋਗਾ, 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ। ਜ਼ਿਲ੍ਹਾ ਮੋਗਾ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 24 ਹੈ, ਜਿੰਨ੍ਹਾਂ ਦਾ ਮੋਗਾ ਵਾਸੀਆਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਹਨਾਂ ਸੇਵਾਵਾਂ ਦਾ ਵਿਸਤਾਰ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਜਲਦ ਹੀ ਜ਼ਿਲ੍ਹਾ ਮੋਗਾ ਵਿੱਚ ਬਾਘਾਪੁਰਾਣਾ, ਧਰਮਕੋਟ ਅਤੇ ਫ਼ਤਹਿਗੜ੍ਹ ਪੰਜਤੂਰ ਵਿਖੇ ਤਿੰਨ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜ਼ਮੀਨ ਪੱਧਰੀ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਲੰਢਾ, ਰਾਜੇਆਣਾ ਅਤੇ ਸੁਖਾਨੰਦ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਦੌਰਾ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਇੱਥੇ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਪਹੁੰਚੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਆਮ ਲੋਕਾਂ ਨੇ ਕਲੀਨਿਕ ਰਾਹੀਂ ਪ੍ਰਾਪਤ ਹੋ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਇੱਥੋਂ ਦੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਟਾਫ਼ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਨਦੇਹੀ ਨਾਲ ਮਰੀਜ਼ਾਂ ਦੀ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਡਾਕਟਰਾਂ, ਨਰਸਾਂ ਜਾਂ ਦਵਾਈਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਲੋੜਵੰਦ ਅਤੇ ਗਰੀਬ ਵਿਅਕਤੀਆਂ ਲਈ ਇਹ ਕਲੀਨਿਕ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਆਮ ਆਦਮੀ ਕਲੀਨਿਕ ਵਿੱਚ ਟੈਸਟਿੰਗ ਕਿੱਟਾਂ ਜਾਂ ਦਵਾਈਆਂ ਦੀ ਘਾਟ ਆਉਂਦੀ ਹੈ ਉਸਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰ ਦਿੱਤਾ ਜਾਂਦਾ ਹੈ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ 24 ਆਮ ਆਦਮੀ ਕਲੀਨਿਕ ਲੰਡੇਕੇ, ਘੋਲੀਆ ਖੁਰਦ, ਹਿੰਮਤਪੁਰਾ, ਬਿਲਾਸਪੁਰ, ਧਰਮਕੋਟ, ਦੁੱਨੇਕੇ, ਰਾਜਿਆਣਾ, ਮੱਲ੍ਹੀਆਂਵਾਲਾ, ਬੁੱਟਰ ਕਲਾਂ, ਚੜਿੱਕ, ਫਤਹਿਗੜ੍ਹ ਪੰਜਤੂਰ, ਲੰਡੇ, ਰਾਉਕੇ ਕਲਾਂ, ਅਰਬਨ ਸਲੱਮ ਏਰੀਆ ਡਿਸਪੈਂਸਰੀ, ਕਿਸ਼ਨਪੁਰਾ ਕਲਾਂ, ਖੋਸਾ ਰਣਧੀਰ, ਮਾਣੂੰਕੇ, ਸੁਖਾਨੰਦ, ਲੋਪੋਂ, ਕੋਕਰੀ ਕਲਾਂ, ਦੌਲਤਪੁਰਾ ਨੀਂਵਾਂ, ਚੰਦ ਨਵਾਂ, ਜਲਾਲਾਬਾਦ ਅਤੇ ਪੱਤੋ ਹੀਰਾ ਸਿੰਘ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਨਾਲ ਆਮ ਲੋਕਾਂ ਦੀ ਜੇਬ ਉੱਪਰ ਪੈਣ ਵਾਲਾ ਆਰਥਿਕ ਬੋਝ ਬਹੁਤ ਹੱਦ ਤੱਕ ਘੱਟ ਹੋਇਆ ਹੈ। ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 41 ਟੈਸਟ ਅਤੇ 96 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।