- ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ : ਰਾਜਪਾਲ
ਲੁਧਿਆਣਾ, 07 ਜੁਲਾਈ 2024 : ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋ ਇੱਕ ਪੱਤਰਕਾਰ ਮਿਲਣੀ ਕੀਤੀ ਗਈ। ਇਸ ਮੌਕੇ ਉਨ੍ਹਾਂ ਸ਼ਿਵ ਸੈਨਿਕ ਆਗੂ ਸੰਦੀਪ ਥਾਪਰ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੋ ਸੰਦੀਪ ਥਾਪਰ ਤੇ ਹਮਲਾ ਕਰਨ ਵਾਲੇ ਉਸਨੂੰ ਮਾਰਨਾ ਚਾਹੁੰਦੇ ਸਨ। ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਬਚ ਗਿਆ ਅਤੇ ਸੰਦੀਪ ਥਾਪਰ ਦਾ ਸਹੀ ਸਮੇਂ ਇਲਾਜ ਹੋ ਗਿਆ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ, ਪੰਜਾਬ ਵਿੱਚ ਲੋਕ ਆਪਸੀ ਸਦੜਾਵਨਾ ਨਾਲ ਰਹਿੰਦੇ ਹਨ, ਪਰ ਕੁੱਝ ਸ਼ਰਾਰਤੀ ਅਨਸਰ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਮਾਹੌਲ ਖਰਾਬ ਕਰਕਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹੇ ਲੋਕਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਤਾਂ ਜੋ ਸੂਬੇ ਦਾ ਮਾਹੌਲ ਇਸੇ ਤਰ੍ਹਾਂ ਸ਼ਾਂਤੀ ਵਾਲਾ ਬਣਿਆ ਰਹੇ। ਰਾਜਪਾਲ ਨੇ ਕਿਹਾ ਕਿ ਸੰਦੀਪ ਥਾਪਰ ਦੇ ਮਾਮਲੇ ਤੇ ਉਹ ਖੁਦ ਨਿਗ੍ਹਾ ਰੱਖ ਰਹੇ ਹਨ, ਤਾਂ ਜੋ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਥਾਪਰ ਤੇ ਹਮਲਾ ਕਰਨ ਵਾਲੇ ਨਸ਼ੇੜੀ ਸਨ, ਜਿੰਨ੍ਹਾਂ ਨੇ ਕਿਸੇ ਝਗੜੇ ਕਾਰਨ ਸੰਦੀਪ ਥਾਪਰ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ, ਜਿਸ ਨੂੰ ਖ਼ਤਮ ਕਰਨ ਦੀ ਮੁੱਖ ਲੋੜ ਹੈ। ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਨੂੰ ਜੜੋ੍ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਚੰਗੇ ਮਾਹੌਲ ਵਿੱਚ ਰਹਿਣਾ ਪਸੰਦ ਕਰਦੇ ਹਨ। ਪੁਲਿਸ ਨੂੰ ਸ਼ਰਾਰਤੀ ਅਤੇ ਮਾਹੌਲ ਨੂੰ ਖਰਾਬ ਕਰਨ ਵਾਲੇ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸੂਬੇ ਦਾ ਮਾਹੌਲ ਖਰਾਬ ਹੋਣ ਤੋਂ ਬਚ ਜਾਵੇ। ਰਾਜਪਾਲ ਨੇ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੰਦੀਪ ਥਾਪਰ ਦੇ ਇਲਾਜ ਅਤੇ ਕਾਨੂੰਨੀ ਮੱਦਦ ਵਿੱਚ ਕੋਈ ਕਮੀਂ ਨਾ ਆਵੇ। ਉਨ੍ਹਾਂ ਕਿਹਾ ਕਿ ਥਾਪਰ ਤੇ ਹੋਏ ਹਮਲੇ ਬਾਰੇ ਉਨ੍ਹਾਂ ਸਾਰੀ ਰਿਪੋਰਟ ਲੈ ਲਈ ਹੈ ਅਤੇ ਉਸਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਸਮੇਤ ਫਰਾਰ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਹਾਜ਼ਰ ਸਨ।
ਰਾਜਪਾਲ ਨੇ ਡੀਐਮਸੀ ਜਾਣ ਤੋਂ ਕੀਤਾ ਇਨਕਾਰ, ਸੰਦੀਪ ਥਾਪਰ ਦਾ ਹਾਲ ਜਾਨਣ ਤੋਂ ਬਿਨਾਂ ਵਾਪਸ ਚੰਡੀਗੜ੍ਹ ਪਰਤੇ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ-ਚਾਲ ਜਾਨਣ ਲਈ ਪਹੁੰਚ ਰਹੇ ਸਨ। ਜਦੋਂ ਉਹ ਸਿੱਧੇ ਸਰਕਟ ਹਾਊਸ ਪੁੱਜੇ ਅਤੇ ਪਰਿਵਾਰ ਨੂੰ ਉਸੇ ਸਰਕਟ ਹਾਊਸ ਵਿੱਚ ਆਉਣ ਲਈ ਕਿਹਾ। ਪਰ ਜਦੋਂ ਰਾਜਪਾਲ ਨੇ ਡੀਐਮਸੀ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ ਵੀ ਰਾਜਪਾਲ ਨੂੰ ਸਰਕਟ ਹਾਊਸ ਵਿੱਚ ਆਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਰਾਜਪਾਲ ਸਰਕਟ ਹਾਊਸ ਤੋਂ ਵਾਪਸ ਚੰਡੀਗੜ੍ਹ ਚਲੇ ਗਏ। ਨਾ ਤਾਂ ਉਹ ਪਰਿਵਾਰ ਨੂੰ ਮਿਲੇ ਅਤੇ ਨਾ ਹੀ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਲਈ ਡੀ.ਐਮ.ਸੀ. ਗਏ। ਇਸ ਮਾਮਲੇ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਡੀਸੀ ਸਾਕਸ਼ੀ ਸਾਹਨੀ ਨਾਲ ਮੀਟਿੰਗ ਕਰਕੇ ਹਮਲੇ ਦੀ ਸਾਰੀ ਜਾਣਕਾਰੀ ਲਈ। ਰਾਜਪਾਲ ਨੇ ਸੀਪੀ ਨੂੰ ਹਦਾਇਤ ਕੀਤੀ ਕਿ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।