ਰਾਏਕੋਟ, 25 ਜੂਨ (ਚਮਕੌਰ ਸਿੰਘ ਦਿਓਲ) : ਪਿਛਲੇ ਕੁੱਝ ਦਿਨਾਂ ਤੋਂ ਨਾ-ਸਹਿਣਯੋਗ ਗਰਮੀ ਪੈ ਰਹੀ ਹੈ। ਇਸ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਬਾਹਰ ਨਿਕਲਣਾ ਦੁਭੱਰ ਕਰ ਦਿੱਤਾ ਹੈ। ਅੱਜਕਲ ਪਾਰਾ ਭਾਵੇਂ 39-40 ਡਿਗਰੀ ਸੈਲਸੀਅਸ ਹੀ ਹੈ ਪ੍ਰੰਤੂ ਮਹਿਸੂਸ ਇੰਝ ਹੋ ਰਿਹਾ ਹੈ ਜਿਵੇਂ ਪਾਰਾ 46-47 ਡਿਗਰੀ ਹੋਵੇ। ਜਿਸ ਕਾਰਨ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਤੇ ਬਜਾਰਾਂ ’ਚ ਸੰਨਾਟਾ ਪੱਸਰਿਆ ਹੋਇਆ ਹੈ। ਦੁਕਾਨਦਾਰ ਤੇ ਕਾਰੋਬਾਰੀ ਅੱਤ ਦੀ ਗਰਮੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਅੱਜ ਹਵਾ ਵਿੱਚ ਨਮੀਂ ਦੀ ਮਾਤਰਾ 81 ਫੀਸਦੀ ਤੋਂ ਉਪੱਰ ਸੀ ਜਿਸ ਕਾਰਨ ਵੱਧ ਗਰਮੀ ਮਹਿਸੂਸ ਹੋ ਰਹੀ ਹੈ। ਇਸ ਹੁੰਮਸ ਭਰੀ ਗਰਮੀ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕਾਂ ਦੇ ਰੋਜਾਨਾਂ ਦੇ ਕੰਮ- ਕਾਰ ਪ੍ਰਭਾਵਿਤ ਹੋ ਰਹੇ ਹਨ। ਬਜਾਰਾਂ ’ਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ, ਗਾਹਕ ਨਾ ਹੋਣ ਕਰਕੇ ਦੁਕਾਨਦਾਰ ਮੰਦੀ ਦੀ ਮਾਰ ਝੇਲ ਰਹੇ ਹਨ। ਚਮੜੀ, ਸਾਹ ਤੇ ਦਮ ਘੁਟਣ ਵਰਗੀਆਂ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਇਸ ਅੰਤ ਦੀ ਗਰਮੀ ਨਾਲ ਹਰੇ ਚਾਰੇ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ। ਆਮ ਤੌਰ ’ਤੇ ਦੇਖਿਆ ਜਾਵੇ ਤਾਂ ਹਰ ਕੋਈ ਇਸ ਅੰਤ ਦੀ ਗਰਮੀ ਤੋਂ ਦੁਖੀ ਹੈ। ਤਪਸ਼ ਦਾ ਪ੍ਰਭਾਵ ਸ਼ਾਮ 6 ਵਜੇ ਤੱਕ ਵੀ ਮੱਠਾ ਨਹੀਂ ਪੈਂਦਾ ਜਿਸ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਰਾਏਕੋਟ ਕਰਿਆਣਾ ਯੂਨੀਅਨ ਦੇ ਚੇਅਰਮੈਨ ਅਵੰਤ ਜੈਨ ਤੇ ਕਾਰੋਬਾਰੀ ਵਿਨੋਦ ਜੈਨ ਨੇ ਕਿਹਾ ਕਿ ਅੱਤ ਦੀ ਗਰਮੀ ਕਾਰਨ ਉਹਨਾਂ ਦਾ ਕਾਰੋਬਾਰ ਇਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ। ਬਜਾਰਾਂ ’ਚ ਸਨਾਟਾ ਪੱਸਰਿਆ ਹੋਇਆ ਹੈ ਗਰਮੀ ਕਾਰਨ ਲੋਕਾਂ ਦਾ ਬਜਾਰ ’ਚ ਨਿਕਲਣਾ ਔਖਾ ਹੋਇਆ ਪਿਆ ਹੈ।