ਮਾਨਸਾ, 24 ਅਗਸਤ : ਲੌਂਗੋਵਾਲ ’ਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਈ ਮੱਠਭੇੜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਮਾਰੇ ਗਏ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਰਾਸ਼ੀ ਦਾ ਚੈੱਕ ਅੱਜ ਸ਼ਾਮ ਨੂੰ ਸੌਂਪ ਦਿੱਤਾ ਗਿਆ। ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਲਾਏ ਹੋਏ ਧਰਨੇ ਉਠਾ ਲਏ ਗਏ ਹਨ ਅਤੇ ਮਿ੍ਰਤਕ ਕਿਸਾਨ ਪ੍ਰੀਤਮ ਸਿੰਘ ਦਾ ਭਲਕੇ 25 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡੇਰ ਕਲਾਂ ਵਿੱਚ ਸ਼ਾਮ ਨੂੰ 3 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸਮਝੌਤੇ ਵਿੱਚ ਪੰਜਾਬ ਸਰਕਾਰ ਵੱਲੋਂ ਬੈਠੇ ਪੰਜਾਬ ਪੁਲੀਸ ਦੇ ਆਈ.ਜੀ ਬਾਰਡਰ ਰੇਂਜ ਡਾ.ਨਰਿੰਦਰ ਭਾਰਗਵ, ਆਈ.ਜ਼ੀ ਇੰਟਲੈਂਟਜੈਂਸੀ ਜਸਕਰਨ ਸਿੰਘ, ਆਈ.ਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਸੰਗਰੂਰ ਸੁਰੇਂਦਰ ਲਾਂਬਾ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਜੋ ਸਮਝੌਤਾ ਕੀਤਾ ਸੀ, ਉਹ ਲਗਭਗ ਸਿਰੇ ਲੱਗ ਗਿਆ ਹੈ। ਅਧਿਕਾਰੀਆਂ ਨੇ ਅੱਜ ਵੀ ਕਿਸਾਨ ਨੇਤਾਵਾਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੀਆਂ ਗ਼ਲਤਫਹਿਮੀਆਂ ਨੂੰ ਦੂਰ ਕੀਤਾ। ਡਾ. ਨਰਿੰਦਰ ਭਾਰਗਵ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਪ੍ਰੀਤਮ ਸਿੰਘ ਦਾ ਭਲਕੇ 25 ਅਗਸਤ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ ਅਤੇ ਸਰਕਾਰ ਨੇ ਹਰ ਵਾਅਦਾ ਨਿਭਾ ਦਿੱਤਾ ਹੈ। ਇਸੇ ਦੌਰਾਨ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਵੀ ਵੱਖਰੇ ਤੌਰ ’ਤੇ ਕਿਹਾ ਕਿ ਮਿ੍ਰਤਕ ਕਿਸਾਨ ਦਾ ਭਲਕੇ ਬਾਅਦ ਦੁਪਹਿਰ ਜਥੇਬੰਦਕ ਰਸਮਾਂ ਅਨੁਸਾਰ ਸਸਕਾਰ ਕੀਤਾ ਜਾਵੇਗਾ।