- 35 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਕੀਤਾ ਕੁਦਰਤੀ ਤਰੀਕੇ ਨਾਲ ਬਣਾਏ ਉਤਪਾਦਾਂ ਦਾ ਮੰਡੀਕਰਨ
- ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਗਿਣਤੀ ਵਿੱਚ ਆਮ ਲੋਕਾਂ ਨੂੰ ਕਿਸਾਨ ਬਜ਼ਾਰ ਵਿੱਚ ਸ਼ਿਰਕਤ ਕਰਨ ਦੀ ਕੀਤੀ ਅਪੀਲ
ਮੋਗਾ, 10 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਮੰਡੀ ਬੋਰਡ ਮੋਗਾ ਵੱਲੋਂ ਨਵੀਂ ਦਾਣਾ ਮੰਡੀ ਵਿੱਚ ਹਰੇਕ ਮਹੀਨੇ ਦੀ 10 ਤਾਰੀਖ ਨੂੰ ਕਿਸਾਨ ਬਜ਼ਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਿਸਾਨ ਬਜ਼ਾਰ ਇੱਕ ਸਾਲ ਤੋਂ ਸਫ਼ਲਤਾਪੂਰਵਕ ਚੱਲ ਰਿਹਾ ਹੈ। ਅਕਤੂਬਰ ਮਹੀਨੇ ਦੇ ਕਿਸਾਨ ਬਜ਼ਾਰ ਨੂੰ ਵੀ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। 35 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਆਪਣੇ ਸਟਾਲ ਸਥਾਪਿਤ ਕਰਕੇ ਜ਼ਹਿਰ ਮੁਕਤ, ਰਸਾਇਣ ਮੁਕਤ, ਕੁਦਰਤੀ ਅਤੇ ਵਿਰਾਸਤੀ ਢੰਗ ਨਾਲ ਕਾਸ਼ਤ ਕੀਤੀਆਂ ਫ਼ਸਲਾਂ ਦਾ ਆਪ ਮੰਡੀਕਰਨ ਕੀਤਾ। ਇਸ ਕਿਸਾਨ ਬਜ਼ਾਰ ਵਿੱਚ ਕਿਸਾਨਾਂ ਵੱਲੋਂ ਸ਼ੁੱਧ ਗੁੱੜ, ਸ਼ੱਕਰ, ਸ਼ਹਿਦ, ਸਰੋਂ ਦਾ ਖਾਲਸ ਤੇਲ, ਦੇਸੀ ਦਾਲਾਂ, ਮੂਲ ਅਨਾਜ, ਆਟਾ, ਸਬਜ਼ੀਆਂ, ਬਾਸਮਤੀ ਚਾਵਲ, ਮਸਾਲੇ ਤੋਂ ਇਲਾਵਾ ਦੁੱਧ ਤੋਂ ਬਣੇ ਪਦਾਰਥ ਦੁੱਧ, ਲੱਸੀ, ਪਨੀਰ, ਦੇਸੀ ਘਿਓ ਆਦਿ ਵਰਗੇ ਉਤਪਾਦ ਵੇਚੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਬਜ਼ਾਰ ਵਿੱਚ 500 ਤੋਂ ਵਧੇਰੇ ਗ੍ਰਾਹਕਾਂ ਨੇ ਇਹਨਾਂ ਅਗਾਹਵਧੂ ਕਿਸਾਨਾਂ ਦੇ ਜ਼ਹਿਰ ਮੁਕਤ ਉਤਪਾਦਾਂ ਵਿੱਚ ਦਿਲੀ ਰੁਚੀ ਦਿਖਾ ਕੇ ਇਹਨਾਂ ਦੀ ਖਰੀਦ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੁਦਰਤੀ ਅਤੇ ਵਿਰਾਸਤੀ ਖੇਤੀ ਦੀ ਬਹੁਤ ਜਿਆਦਾ ਜ਼ਰੂਰਤ ਹੈ ਕਿਉਕਿ ਇਸ ਨਾਲ ਮਨੁੱਖੀ ਸਰੀਰ ਨੂੰ ਲੱਗਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਹਿਰ ਮੁਕਤ ਖੇਤੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਬਹੁਤ ਸਾਰੀਆਂ ਬਹੁਮੁੱਲੀਆਂ ਜਾਨਾਂ ਜਾ ਰਹੀਆਂ ਹਨ, ਜਿਹੜੀਆਂ ਕਿ ਕੀਟਨਾਸ਼ਕ ਦਵਾਈਆਂ ਦੀ ਹੀ ਦੇਣ ਹਨ। ਉਨ੍ਹਾਂ ਦੱਸਿਆ ਕਿ ਕਿਸਾਨੀ ਨੂੰ ਆਰਥਿਕ ਪੱਖੋਂ ਫਿਰ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ ਜੇਕਰ ਕਿਸਾਨ ਆਪਣੀਆਂ ਕਾਸ਼ਤ ਕੀਤੇ ਉਤਪਾਦਾਂ ਦਾ ਆਪ ਮੰਡੀਕਰਨ ਕਰਨਗੇ। ਇਸ ਨਾਲ ਲੋਕਾਂ ਨੂੰ ਜ਼ਹਿਰ ਮੁਕਤ ਉਤਪਾਦ ਮਿਲਣਗੇ ਅਤੇ ਕਿਸਾਨਾਂ ਨੂੰ ਆਪਣੀ ਆਮਦਨੀ ਵਿੱਚ ਵਾਧਾ ਮਿਲੇਗਾ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਬਜ਼ਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਵਧੀਆ ਉਤਪਾਦਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕਰਨ ਲਈ ਸਹਿਯੋਗ ਦੇਣ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਜ਼ਸ਼ਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਕਿਸਾਨ ਬਜ਼ਾਰ ਵਿੱਚ ਗ੍ਰਾਹਕਾਂ ਦੀ ਭਾਰੀ ਗਿਣਤੀ ਅਤੇ ਰੁਚੀ ਵੇਖਣ ਨੂੰ ਮਿਲੀ।