ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵਲੋਂ ਖੇਤੀ ਵਿਭਿੰਨਤਾ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ “ਫਸਲੀ ਵਿਭਿੰਨਤਾ ਸਕੀਮ' ਚਲਾਈ ਗਈ ਹੈ ਜਿਸ ਅਧੀਨ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਬਜਾਏ ਹੋਰ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਕੀਮ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜੋ ਕਿਸਾਨ ਫਸਲੀ ਵਿਭਿੰਨਤਾ ਕਰਨ ਦੇ ਚਾਹਵਾਨ, ਵਿਭਾਗ ਵਲੋਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ "ਫਸਲੀ ਵਿਭਿੰਨਤਾ ਸਕੀਮ 2022-23" ਅਧੀਨ ਲੋੜੀਂਦੀ ਖੇਤੀ ਮਸ਼ੀਨਰੀ ਤੇ ਵੀ ਸਬਸਿਡੀ ਦੀ ਸਕੀਮ ਚਲਾਈ ਗਈ ਹੈ। ਇਸ ਸਕੀਮ ਅਧੀਨ ਕੁੱਲ ਕਿਸਾਨਾਂ ਦੀਆਂ ਅਰਜ਼ੀਆਂ ਨੂੰ ਆਨਲਾਈਨ ਪੋਰਟਲ agrimachinerypb.com 'ਤੇ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚੋਂ ਜਿਨ੍ਹਾਂ ਕਿਸਾਨਾਂ ਨੇ ਮਸ਼ੀਨਰੀ ਦੀ ਖ੍ਰੀਦ ਕਰਕੇ ਪੋਰਟਲ 'ਤੇ ਬਿੱਲ ਅਪਲੋਡ ਕਰਵਾਏ ਸਨ ਉਨ੍ਹਾਂ ਦੀ ਬਣਦੀ ਸਬਸਿਡੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁੱਲ 52 ਕਿਸਾਨਾਂ ਦੀ ਬਣਦੀ 64 ਲੱਖ 36 ਹਜ਼ਾਰ ਰੁਪਏ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਗਈ ਹੈ। ਇਸ ਮੌਕੇ ਇੰਜ ਅਮਨਪ੍ਰੀਤ ਸਿੰਘ ਘਈ ਸਹਾਇਕ ਖੇਤੀਬਾੜੀ ਇੰਜੀਨਿਅਰ ਲੁਧਿਆਣਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਕੁੱਲ ਮਸ਼ੀਨਾਂ ਨੂੰ ਆਨਲਾਈਨ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਅਤੇ ਇਨ੍ਹਾਂ ਵਿੱਚੋਂ 32 ਨਿਊਮੈਟਿਕ ਪਲਾਂਟਰ, 3 ਟਰੈਕਟਰ ਉਪਰੇਟਿਡ ਬੂਮ ਸਪਰੇਅਰ, 10 ਪਾਵਰ ਸਪਰੇਅਰ, 2 ਫੌਰੇਜ ਹਾਰਵੈਸਰ, 5 ਬੈਟਰੀ ਉਪਰੇਟਿਡ ਸਪਰੇਅਰਾਂ ਦੀ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕਰ ਦਿੱਤੀ ਗਈ ਹੈ। ਡਾ.ਨਰਿੰਦਰ ਸਿੰਘ ਬੈਨੀਪਾਲ ਵਲੋਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀ ਸੈਕਸ਼ਨ ਦਾ ਸਮਾਂ ਰਹਿੰਦਿਆਂ ਹੀ ਮਸ਼ੀਨਰੀ ਖ੍ਰੀਦ ਕਰਕੇ ਬਿੱਲ ਪੋਰਟਲ ਤੇ ਅਪਲੋਡ ਕਰਵਾਉਣ ਤਾਂ ਜੋ ਉਨ੍ਹਾਂ ਦੀ ਬਣਦੀ ਸਬਸਿਡੀ ਵੀ ਜਾਰੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਅਗਲੇ ਕੁਝ ਦਿਨ੍ਹਾਂ ਵਿੱਚ ਹੀ ਇੱਕ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਵੀ ਆਯੋਜਿਤ ਕਰਨ ਜਾ ਰਿਹਾ ਹੈ ਜਿਸ ਵਿੱਚ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਦਿਤੀ ਜਾਵੇਗੀ ਅਤੇ ਖੇਤੀ ਨਾਲ ਸਬੰਧਤ ਖੇਤੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।