ਬਰਨਾਲਾ, 11 ਅਕਤੂਬਰ : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਝੋਨੇ ਦੇ ਆਗਾਮੀ ਸੀਜ਼ਨ ਦੇ ਮੱਦੇਨਜ਼ਰ ਪਰਾਲੀ ਪ੍ਰਬੰਧਨ ਲਈ ਠੋਸ ਰਣਨੀਤੀ ਉਲੀਕਣ ਲਈ ਉੱਪ ਮੰਡਲ ਮੈਜਿਸਟ੍ਰੇਟ, ਬਰਨਾਲਾ ਸ੍ਰੀ ਗੋਪਾਲ ਸਿੰਘ ਵੱਲੋਂ ਅੱਜ ਖੇਤੀਬਾੜੀ ਸਣੇ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਸੱਦੀ ਗਈ। ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਵੱਲੋਂ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਨੂੰ ਨਵੀਂ ਅਤੇ ਹੋਰ ਜਰੂਰੀ ਮਸ਼ੀਨਰੀ ਸਮੇਂ ਸਿਰ ਲੋੜਵੰਦ ਕਿਸਾਨਾਂ ਨੂੰ ਮਿਲਣੀ ਯਕੀਨੀ ਬਣਾਉਣ ਦੇ ਨਾਲ ਨਾਲ ਮਸ਼ੀਨਾਂ ਦਾ ਪੂਰਾ ਲਾਹਾ ਕਿਸਾਨਾਂ ਨੂੰ ਦਿਵਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਹੋਵੇ ਉਸ ਜਗ੍ਹਾ ਮੌਕੇ 'ਤੇ ਪਹੁੰਚ ਕੇ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਧਾਰਮਿਕ ਸੰਸਥਾਵਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਮੌਕੇ ਪੁਲੀਸ ਵਿਭਾਗ ਤੇ ਮਾਲ ਵਿਭਾਗ ਤੋਂ ਅਧਿਕਾਰੀ, ਕਲੱਸਟਰ ਕੋਆਰਡੀਨੇਟਰ, ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਤੇ ਸਹਿਕਾਰਤਾ ਤੋਂ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।