
ਸ੍ਰੀ ਫ਼ਤਹਿਗੜ੍ਹ ਸਾਹਿਬ, 03 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਧਰਮ ਅਧਿਐਨ ਵਿਭਾਗ ਵੱਲੋਂ ਉੱਤਰ ਬਸਤੀਵਾਦੀ ਇਤਿਹਾਸਕਾਰੀ ਦੀ ਸਿੱਖ ਵਿਰੋਧੀ ਬਿਰਤਾਂਤਕਾਰੀ ਦੀ ਸਿਆਸਤ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸਮਕਾਲੀ ਫਲਸਫੇ ਅਤੇ ਬਿਰਤਾਂਤਕਾਰੀ ਨੂੰ ਸਮਝਣਾ ਅਤੇ ਲੋੜ ਅਨੁਸਾਰ ਉਸ ਦਾ ਜਵਾਬ ਦੇਣਾ ਅਕਾਦਮਿਕ ਜਗਤ ਦਾ ਮੁਢਲਾ ਫਰਜ਼ ਹੈ। ਧਰਮ ਅਧਿਐਨ ਵਿਭਾਗ ਵੱਲੋਂ ਉਲੀਕੇ ਇਸ ਵਿਸ਼ੇਸ਼ ਭਾਸ਼ਣ ਦੀ ਸਲਾਘਾ ਕਰਦਿਆਂ ਉਹਨਾਂ ਆਖਿਆ ਕਿ ਸਿੱਖੀ ਦੀ ਵਿਲੱਖਣ ਅਤੇ ਮੌਲਿਕ ਪਛਾਣ ਨੂੰ ਸੰਸਾਰ ਸਾਹਮਣੇ ਰੱਖਣ ਲਈ ਸਾਨੂੰ ਸਮਕਾਲੀ ਇਤਿਹਾਸਕਾਰੀ ਅਤੇ ਬਿਰਤਾਂਤਕਾਰੀ ਬਾਰੇ ਚੇਤੰਨ ਹੋਣ ਦੀ ਲੋੜ ਹੈ। ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਡਾ. ਜਸਬੀਰ ਸਿੰਘ, ਸਿੱਖ ਐਜੂਕੇਸ਼ਨ ਕੌਂਸਲ ਯੂਕੇ ਨੇ ਉੱਤਰ ਬਸਤੀਵਾਦੀ ਇਤਿਹਾਸਕਾਰੀ ਨੂੰ ਪਰਿਭਾਸ਼ਿਤ ਕਰਦਿਆਂ ਦੱਸਿਆ ਕਿ ਜਿੱਥੇ ਇਹ ਨਵਾਂ ਪ੍ਰਵਚਨ ਬਸਤੀਵਾਦ ਦੌਰਾਨ ਅਧੀਨ ਰਹੀਆਂ ਕੌਮਾਂ ਨੂੰ ਆਪਣੀ ਗੱਲ ਆਖਣ ਦਾ ਮੌਕਾ ਦਿੰਦਾ ਹੈ ਉੱਥੇ ਸਿੱਖ ਪ੍ਰਤੀਕ ਤੂੰ ਇਸ ਵਿੱਚ ਕੁਝ ਔਕੜਾਂ ਵੀ ਪੇਸ਼ ਆ ਰਹੀਆਂ ਹਨ। ਉਹਨਾਂ ਆਖਿਆ ਕਿ ਸਿੱਖੀ ਦੀ ਕੌਮੀ ਵਿਲੱਖਣ ਪਛਾਣ ਨੂੰ ਸਥਾਪਿਤ ਕਰਵਾਉਣ ਲਈ ਸਾਨੂੰ ਇਸ ਨਵੇਂ ਪ੍ਰਵਚਨ ਦੇ ਹਾਣ ਦਾ ਹੋਣਾ ਪੈਣਾ ਹੈ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਰਾਜਨੀਤੀ ਸ਼ਾਸਤਰ ਵਿਭਾਗ ਨੇ ਮੁੱਖ ਵਕਤਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਇੱਕ ਵਿਲੱਖਣ ਧਰਮ ਵਜੋਂ ਪ੍ਰਵਾਨ ਨਾ ਕਰਨਾ ਬੇਹਦ ਮੰਦਭਾਗਾ ਹੈ। ਉਹਨਾਂ ਆਖਿਆ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ ਪਰ ਇਸ ਦੇ ਬਾਵਜੂਦ ਆਜ਼ਾਦ ਭਾਰਤ ਵਿੱਚ ਉਹਨਾਂ ਨੂੰ ਆਪਣੀ ਪਛਾਣ ਲਈ ਲਗਾਤਾਰ ਜਦੋ ਜਹਦ ਕਰਨੀ ਪੈ ਰਹੀ ਹੈ। ਪਹੁੰਚੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਆਖਿਆ ਕਿ ਵਿਭਾਗ ਅੱਗੋਂ ਵੀ ਅਜਿਹੇ ਅੰਤਰਰਾਸ਼ਟਰੀ ਵਿਦਵਾਨਾਂ ਨੂੰ ਫੈਕਲਟੀ ਅਤੇ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦਾ ਰਹੇਗਾ। ਸਮਾਗਮ ਦੇ ਅਖੀਰ ਵਿੱਚ ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜ ਸ਼ਾਸਤਰ ਵਿਭਾਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਆਈਕਿਯੂਏ ਸੈਲ ਕੋਆਰਡੀਨੇਟਰ ਡਾ. ਅੰਕਦੀਪ ਕੌਰ ਅਟਵਾਲ, ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਨਵ ਸ਼ਗਨਦੀਪ ਕੌਰ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਰਮਨਦੀਪ ਕੌਰ, ਮੈਨੇਜਮੈਂਟ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਮਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਰ ਸਨ।