ਬਰਨਾਲਾ, 30 ਸਤੰਬਰ : ਪੰਜਾਬ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼, ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੀਆਂ ਫੈਕਟਰੀਆਂ, ਭੱਠਿਆਂ ਤੇ ਪਥੇਰਾਂ ਆਦਿ ਖੇਤਰਾਂ ਤੇ ਨੇੜਲੇ ਘਰਾਂ ਵਿੱਚ ਜਾ ਕੇ ਬਰਨਾਲਾ ਸ਼ਹਿਰ, ਤਪਾ, ਧਨੌਲਾ ਅਤੇ ਮਹਿਲ ਕਲਾਂ ਖੇਤਰ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਕੇ ਨਸ਼ਟ ਕੀਤਾ ਗਿਆ। “ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ” ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ 67 ਟੀਮਾਂ ਵੱਲੋਂ ਜਾਂਚ ਕੀਤੀ ਗਈ। ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੜੀ ਮੁਸਤੈਦੀ ਨਾਲ ਡੇਂਗੂ ਦਾ ਲਾਰਵਾ ਨਸ਼ਟ ਅਤੇ ਸਟਾਫ ਨੂੰ “ਹਰ ਸ਼ੁੱਕਰਵਾਰ - ਡੇੰਗੂ 'ਤੇ ਵਾਰ “ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ੳਨ੍ਹਾਂ ਕਿਹਾ ਕਿ ਅੱਜ-ਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ 'ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ , ਗਮਲੇ ਅਤੇ ਫਰਿੱਜ ਦੇ ਪਿੱਛੇ ਟਰੇਅ ਆਦੀ ਥਾਵਾਂ 'ਤੇ ਜ਼ਿਆਦਾ ਸਮਾਂ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਡਾ. ਮੁਨੀਸ਼ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ 'ਚ ਦਰਦ,ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਸਰੀਰ 'ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ 'ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਬਰਨਾਲਾ ਸ਼ਹਿਰ 'ਚ ਸਿਹਤ ਕਰਮਚਾਰੀ ਗਣੇਸ਼ ਦੱਤ, ਜਸਵਿੰਦਰ ਸਿੰਘ , ਮਨਪ੍ਰੀਤ ਸ਼ਰਮਾ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਗੁਲਾਬ ਸਿੰਘ ਇਨਸੈਕਟ ਕੁਲੈਕਟਰ ਵੱਲੋਂ ਟੀਮਾਂ ਬਣਾ ਕੇ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਬਚਾਅ ਲਈ ਜਾਗਰੂਕਤਾ ਪੈਂਫਲੈਟ ਵੰਡੇ ਗਏ। ਇਸ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ “ਹਰ ਸ਼ੁੱਕਰਵਾਰ - ਡੇਂਗੂ 'ਤੇ ਵਾਰ” ਥੀਮ ਤਹਿਤ ਪਾਣੀ ਖੜਨ ਵਾਲੀਆਂ ਥਾਵਾਂ ਨੂੰ ਸੁਕਾ ਕੇ , ਗਰੁੱਪ ਮੀਟਿੰਗਾਂ ਅਤੇ ਪ੍ਰੈਸ ਕਵਰੇਜ ਕਰਵਾ ਕੇ ਡੇਂਗੂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ।