ਸਪੀਕਰ ਸੰਧਵਾਂ ਵੱਲੋਂ ਕੰਨਿਆ ਕੰਪਿਊਟਰ ਸੈਂਟਰ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਭੇਂਟ

  • ਡਾ. ਢਿੱਲੋਂ ਜਿਹੀਆਂ ਸਮਾਜਸੇਵੀ ਸ਼ਖਸ਼ੀਅਤਾਂ ਦੀਆਂ ਸੇਵਾਵਾਂ ਪ੍ਰਸੰਸਾਯੋਗ : ਸਪੀਕਰ ਸੰਧਵਾਂ

ਕੋਟਕਪੂਰਾ, 30 ਸਤੰਬਰ : ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੋ ਕੁਝ ਜਦੋਂ ਜਦੋਂ ਮੰਗਿਆ, ਗੁਰੂ ਜੀ ਨੇ ਹਾਜਰ ਕਰ ਦਿੱਤਾ। ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਲਈ ਨਵੇਂ ਕੰਪਿਊਟਰ ਖਰੀਦਣ ਵਾਸਤੇ ਢਾਈ ਲੱਖ ਰੁਪਏ ਦੀ ਰਕਮ ਪ੍ਰਬੰਧਕਾਂ ਨੂੰ ਸੌਂਪਣ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਹਨਾ ਢਾਈ ਲੱਖ ਰੁਪਏ ਦਾ ਐਲਾਨ ਤਾਂ ਕਰ ਦਿੱਤਾ ਪਰ ਹੜਾਂ ਦੀ ਕਰੋਪੀ ਕਾਰਨ ਗਰਾਂਟਾਂ ਦੇ ਕੋਟੇ ਦੀ ਰਕਮ ਘੱਟ ਜਾਣ ਕਰਕੇ ਇਹ ਰਕਮ ਅਗਲੇ ਸਾਲ ਦੇਣ ਦੀ ਤਜਵੀਜ ਸੀ। ਸਪੀਕਰ ਸੰਧਵਾਂ ਨੇ ਦੱਸਿਆ ਕਿ ਡਾ. ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਨੇ ਕੁਝ ਰਕਮ ਸੇਵਾ ਕਾਰਜਾਂ ਲਈ ਭੇਂਟ ਕਰਨ ਦੀ ਇੱਛਾ ਪ੍ਰਗਟਾਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਗੁਰੂ ਜੀ ਨੇ ਕੰਨਿਆ ਕੰਪਿਊਟਰ ਸੈਂਟਰ ਲਈ ਰਕਮ ਭੇਜ ਦਿੱਤੀ ਹੈ। ਸਪੀਕਰ ਸੰਧਵਾਂ ਨੇ ਆਪਣੀ ਪੜਾਈ ਸਮੇਂ ਦੀਆਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਭਾਵੇਂ ਡਾ ਢਿੱਲੋਂ ਦਾ ਜਿਲੇ ਭਰ ਦੇ ਚੰਗੇਰੇ ਕਾਰਜਾਂ ਲਈ ਵੱਡਮੁੱਲਾ ਯੋਗਦਾਨ ਹੈ ਪਰ ਅੱਜ ਵਾਲੀ ਢਾਈ ਲੱਖ ਰੁਪਏ ਦੀ ਰਕਮ ਵੀ ਡਾ. ਢਿੱਲੋਂ ਵਲੋਂ ਭੇਂਟ ਕੀਤੀ ਜਾ ਰਹੀ ਹੈ। ਡਾ. ਢਿੱਲੋਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਇਸ ਤਰਾਂ ਦੇ ਸੇਵਾ ਕਾਰਜਾਂ ’ਚ ਯੋਗਦਾਨ ਪਾਉਣ ਦਾ ਸਿਲਸਿਲਾ ਜਾਰੀ ਰੱਖਣਗੇ। ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਸੈਂਟਰ ਦੇ ਡਾਇਰੈਕਟਰ ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਇਸ ਸੈਂਟਰ ਤੋਂ ਹੁਣ ਤੱਕ 20 ਹਜਾਰ ਤੋਂ ਵੀ ਜਿਆਦਾ ਲੜਕੀਆਂ ਅਤੇ ਔਰਤਾਂ ਮਾਮੂਲੀ ਫੀਸਾਂ ਭਰ ਕੇ ਵੱਖ ਵੱਖ ਕਿਸਮ ਦੇ ਕੰਪਿਊਟਰ ਕੋਰਸਾਂ ਦੇ ਸਰਟੀਫਿਕੇਟ ਅਤੇ ਡਿਗਰੀਆਂ ਹਾਸਲ ਕਰ ਚੁੱਕੀਆਂ ਹਨ। ਉਹਨਾ ਦੱਸਿਆ ਕਿ ਬਹੁਤ ਸਾਰੀਆਂ ਸਿੱਖਿਆਰਥਣਾ ਜਾਂ ਤਾਂ ਸਰਕਾਰੀ/ਗੈਰ ਸਰਕਾਰੀ ਨੌਕਰੀਆਂ ਲੈਣ ਵਿੱਚ ਕਾਮਯਾਬ ਹੋ ਗਈਆਂ, ਜਾਂ ਵਿਦੇਸ਼ ਜਾਣ ਵਿੱਚ ਸਫਲਤਾ ਮਿਲੀ ਤੇ ਕਈਆਂ ਨੇ ਆਪਣੇ ਘਰਾਂ ਵਿੱਚ ਹੀ ਇਸ ਨੂੰ ਕਿੱਤਾਮੁੱਖੀ ਧੰਦੇ ਨਾਲ ਜੋੜਦਿਆਂ ਰੁਜਗਾਰ ਚਲਾ ਲਿਆ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕੁਲਤਾਰ ਸਿੰਘ ਸੰਧਵਾਂ ਅਤੇ ਡਾ. ਮਨਜੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਪਾਏ ਜਾ ਰਹੇ ਯੋਗਦਾਨ ਸਬੰਧੀ ਕੁਝ ਕੁ ਉਦਾਹਰਨਾ ਦਿੰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਮਨਮੋਹਨ ਸਿੰਘ ਚਾਵਲਾ, ਡਾ. ਸੁਨੀਲ ਛਾਬੜਾ, ਮਹਿੰਦਰਪਾਲ ਸਿੰਘ ਲੱਕੀ ਆਦਿ ਨੇ ਕੁਲਤਾਰ ਸਿੰਘ ਸੰਧਵਾਂ ਦੇ ਵੱਡੇ ਵਡੇਰਿਆਂ ਦੇ ਵੱਖ ਵੱਖ ਪਰਿਵਾਰਕ ਮੈਂਬਰਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਨੂੰ ਨਿਸ਼ਕਾਮ ਸੇਵਾ ਭਾਵਨਾ ਵਾਲੀ ਗੁੜਤੀ ਮਿਲੀ ਹੈ, ਕਿਉਂਕਿ ਪਹਿਲਾਂ ਵਾਲਾ ਸਪੀਕਰ ਸੰਧਵਾਂ ਦਾ ਸੁਭਾਅ ਐਨੀ ਉੱਚੀ ਕੁਰਸੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਹੋਰ ਵੀ ਹਲੀਮੀ ਅਤੇ ਮਾਣ-ਸਤਿਕਾਰ ਵਾਲਾ ਹੋ ਗਿਆ ਹੈ।