- ਏ.ਡੀ.ਸੀ, ਐਸ.ਡੀ.ਐਮ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
- ਸਾਦਿਕ ਵਿਖੇ ਲੱਗੇ ਚੌਥੇ ਸੁਵਿਧਾ ਕੈਂਪ ਵਿੱਚ 41 ਸਮੱਸਿਆਵਾਂ ਦਾ ਕੀਤਾ ਮੌਕੇ ਤੇ ਹੱਲ
ਸਾਦਿਕ (ਫਰੀਦਕੋਟ) 03 ਜੁਲਾਈ 2024 : ਅੱਜ ਚੌਥੇ ਸੁਵਿਧਾ ਕੈਂਪ ਦੇ ਗੇੜ ਤਹਿਤ ਸਾਦਿਕ ਵਿਖੇ ਅੱਤ ਦੀ ਗਰਮੀ ਦੇ ਬਾਵਜੂਦ ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ ਫਰੀਦਕੋਟ ਮੇਜਰ ਵਰੁਣ ਕੁਮਾਰ ਅਤੇ ਸਮੂਹ ਵਿਭਾਗਾਂ ਦੇ ਮੁੱਖੀਆਂ ਵੱਲੋਂ ਸਾਦਿਕ ਅਤੇ ਆਸ ਪਾਸ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਵੀ ਗਰਮੀ ਦਾ ਪ੍ਰਵਾਹ ਕੀਤੇ ਬਗੈਰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤਾ। ਇਸ ਮੌਕੇ ਪਿੰਡ ਦੇ ਰੁਕੇ ਸਾਂਝੇ ਕੰਮਾਂ ਤੋਂ ਇਲਾਵਾ ਨਿੱਜੀ ਦਰਖਾਸਤਾਂ ਵੀ ਪਿੰਡ ਵਾਸੀਆਂ ਵੱਲੋਂ ਦਿੱਤੀਆਂ ਗਈਆਂ। ਕੈਂਪ ਦੌਰਾਨ ਗਲੀਆਂ- ਨਾਲੀਆਂ ਸਬੰਧੀ, ਫੂਡ ਸਪਲਾਈ, ਡੀ.ਐਸ.ਐਸ.ਓ, ਸਿਹਤ ਆਦਿ ਨਾਲ ਸਬੰਧਤ ਵਿਭਾਗਾਂ ਦੀਆਂ ਦਰਖਾਸਤਾਂ ਦਾ ਮੌਕੇ ਤੇ ਹੱਲ ਕੀਤਾ ਗਿਆ। ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਕਾਊਂਟਰ ਲਗਾ ਕੇ ਸਾਦਿਕ ਤੋਂ ਇਲਾਵਾ ਮਾਨੀ ਸਿੰਘ ਵਾਲਾ, ਘੁੱਦੂਵਾਲਾ, ਸਾਧੂਵਾਲਾ, ਜਨੇਰੀਆ ਅਤੇ ਸੰਗਤਪੁਰਾ ਦੇ ਲੋਕਾਂ ਦੀਆਂ ਕੁੱਲ 41 ਦੇ ਕਰੀਬ ਪ੍ਰਾਪਤ ਹੋਈਆਂ ਸ਼ਿਕਾਇਤਾਂ /ਦਰਖਾਸਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਅਤੇ ਰਹਿੰਦਿਆਂ ਦਰਖਾਸਤਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਡੀ.ਐਫ.ਐਸ.ਸੀ ਵੰਦਨਾ ਕੰਬੋਜ, ਡੀ.ਐਸ.ਐਸ.ਓ ਨਵੀਨ ਗੜਵਾਲ, ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।