ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਨੇ ਮੈਰਿਜ ਪੈਲੇਸ 'ਚ ਗੋਲੀ ਚਲਾਈ ਸੀ। ਗਨਮੈਨ ਨਵਜੋਤ ਸਿੰਘ ਵੱਲੋਂ ਗੋਲੀ ਚਲਾਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਂਝ ਨਵਜੋਤ ਸਿੰਘ ਛੁੱਟੀ ਉੱਪਰ ਸੀ ਤੇ ਵਿਆਹ ਵੇਖਣ ਲਈ ਆਇਆ ਸੀ। ਪੁਲਿਸ ਮੁਤਾਬਕ ਨਵਜੋਤ ਸਿੰਘ ਨੇ ਗੋਲੀ ਕਿਸੇ ਮੰਦਭਾਵਨਾ ਨਾਲ ਨਹੀਂ ਚਲਾਈ। ਹਾਸਲ ਜਾਣਕਾਰੀ ਮੁਤਾਬਕ ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ’ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ। ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਮਗਰੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਨਵਜੋਤ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਗੰਨਮੈਨ ਹੈ, ਜੋ ਛੁੱਟੀ ਲੈ ਕੇ ਹੀ ਵਿਆਹ ਵੇਖਣ ਆਇਆ ਸੀ ਤੇ ਬਿਨਾਂ ਕਿਸੇ ਮੰਦਭਾਵਨਾ ਤੋਂ ਗੋਲੀ ਚੱਲ ਗਈ, ਜਿਸ ਦੌਰਾਨ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਮੈਰਿਜ ਪੈਲੇਸ ’ਚ ਬਰਾਤ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵਜੋਤ ਸਿੰਘ ਵੱਲੋਂ ਫ਼ਾਇਰ ਕੀਤਾ ਗਿਆ ਤੇ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਵਜੋਤ ਸਿੰਘ ਖ਼ਿਲਾਫ਼ ਅਣਗਿਹਲੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।