‘ਲਹੌਰ ਸੰਧੀ ਪੰਜਾਬ ਨਾਲ ਵਿਸਾਹਘਾਤ’ ਵਿਸ਼ੇ ਤੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਸੈਮੀਨਾਰ ਕਰਵਾਇਆ 

ਰਾਏਕੋਟ, 09 ਮਾਰਚ (ਰਘਵੀਰ ਸਿੰਘ ਜੱਗਾ) : ਈਸਟ ਇੰਡੀਆ ਕੰਪਨੀ ਵੱਲੋਂ ਸਰਕਾਰ ਏ ਖਾਲਸਾ ਨਾਲ ਕੀਤੇ ਵਿਸਾਹਘਾਤ ਨੂੰ ਯਾਦ ਕਰਦਿਆਂ ਅੱਜ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਕੋਆਰਡੀਨੇਸ਼ਨ ਕਮੇਟੀ ਆਨ ਟ੍ਰੀਟੀ ਆਫ ਲਹੌਰ ਵੱਲੋਂ ‘ਲਹੌਰ ਸੰਧੀ ਪੰਜਾਬ ਨਾਲ ਵਿਸਾਹਘਾਤ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸਾਬਕਾ ਐਮਪੀ ਸਿਮਰਜੀਤ ਸਿੰਘ ਮਾਨ ਹਾਜ਼ਰ ਹੋਏ।ਸਤਲੁਜ ਮਿਸਲ ਦੇ ਮੁਖੀ ਅਜੈਪਾਲ ਸਿੰਘ ਬਰਾੜ, ਗੰਗਵੀਰ ਸਿੰਘ ਰਾਠੌਰ ਅਤੇ ਐਡਵੋਕੇਟ ਸਿਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਮੌਕੇ ਲਹੌਰ ਦੀ ਸੰਧੀ ਸਬੰਧੀ ਐਡਵੋਕੇਟ ਸਿਮਰਨਜੀਤ ਸਿੰਘ ਵੱਲੋਂ ਪਰਚਾ ਪੜ੍ਹ ਕੇ ਜਾਣੂੰ ਕਰਵਾਇਆ ਗਿਆ ਕਿ 9 ਮਾਰਚ 1846 ਦੀ ਲਹੌਰ ਸੰਧੀ ਸਮੁੱਚੇ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੰਗਰੇਜ਼ ਹਕੂਮਤ ਨੇ ਜਦ ਹਿੰਦੁਸਤਾਨ ਨੂੰ ਜਿੱਤਿਆ ਸੀ ਅਤੇ ਪੰਜਾਬ ਦੇ ਰਾਜ ਨੂੰ ਇਸ ਅਧਾਰ ਤੇ ਸਸਪੈਂਡ ਕੀਤਾ ਸੀ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਬਾਲਗ ਹੋ ਜਾਵੇਗਾ ਤਾਂ ਉਨ੍ਹਾਂ ਦੇ ਰਾਜ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਜੋ ਕਿ ਵਿਸਾਹਘਾਤ ਹੋ ਨਿਬੜਿਆ ਤੇ ਸਿੱਖ ਕੌਮ ਸਟੇਟਲੈੱਸ ਹੋ ਗਈ।ਉਨ੍ਹਾਂ ਦੱਸਿਆ ਕਿ ਲਹੌਰ ਸੰਧੀ ਸਬੰਧੀ ਜਾਗਰੂਕ ਕਰਨ ਲਈ ਅੱਜ ਇਹ ਸੈਮੀਨਾਰ ਇੰਗਲੈਂਡ ਅਤੇ ਪੰਜਾਬ ਵਿੱਚ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਸਾਬਕਾ ਐਮਪੀ ਸਿਮਰਜੀਤ ਸਿੰਘ ਮਾਨ ਤੇ ਅਜੈਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ 7 ਸਾਲ ਦੇ ਬੱਚੇ ਨਾਲ ਉਕਤ ਸੰਧੀ ਕਰਨਾ ਬਿਲਕੁਲ ਗੈਰਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਅੰਗੇਰਜ਼ੀ ਹਕੂਮਤ ਨੇ ਧੋਖੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੀ ਪ੍ਰਭੂਸੱਤਾ ਖ਼ਤਮ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਹਾਲੀ ਲਈ ਅੰਤਰਰਾਸ਼ਟਰੀ ਪੱਧਰ ਤੇ ਸੈਮੀਨਾਰਾਂ ਦੀ ਲੜੀ ਸ਼ੁਰੂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਐਨਓ ਤੇ ਅੰਤਰਰਾਸ਼ਟਰੀ ਕਾਨੂੰਨ ਰਾਹੀਂ ਉਕਤ ਰਾਜ ਦੀ ਬਹਾਲੀ ਲਈ ਯੋਗ ਯਤਨ ਕੀਤੇ ਜਾਣਗੇ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹਿੰਦੁਸਤਾਨ, ਪਾਕਿਸਤਾਨ ਤੇ ਯੂਕੇ ਦੀ ਨਾਗਰਿਕਤਾ ਮਿਲਣੀ ਚਾਹੀਦੀ ਹੈ। ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸਾ ਤੇ ਹੁਸਨਦੀਪ ਸਿੰਘ ਨੇ ਸੈਮੀਨਾਰ ‘ਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੋਤ ਸਿੰਘ ਸੰਧੂ ਨੀਂਦਰਲੈਂਡ, ਗੁਰਪ੍ਰੀਤ ਸਿੰਘ ਯੂਕੇ, ਨੋਬਲਜੀਤ ਸਿੰਘ (ਅਵਾਜ਼-ਏ-ਕੌਮ), ਗੁਰਜੰਟ ਸਿੰਘ ਕੱਟੂ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ, ਮੈਨੇਜਰ ਬੇਅੰਤ ਸਿੰਘ, ਕੁਲਦੀਪ ਸਿੰਘ, ਭਾਈ ਗੁਰਜੰਟ ਸਿੰਘ ਗ੍ਰੰਂਥੀ, ਕੁਲਦੀਪ ਸਿੰਘ ਤਲਵੰਡੀ, ਸੁਰਜੀਤ ਸਿੰਘ ਤਲਵੰਡੀ, ਸਾਬਕਾ ਸਰਪੰਚ ਸੁਰਜੀਤ ਸਿੰਘ, ਬਿੱਲੂ ਸਿੰਘ ਬੱਸੀਆਂ, ਗੋਪਾਲ ਸਿੰਘ ਸਿੱਧੂ, ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।