ਫ਼ਤਹਿਗੜ੍ਹ ਸਾਹਿਬ, 23 ਅਕਤੂਬਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਰਣ ਗੁਪਤਾ ਦੀ ਅਗਵਾਈ ਹੇਠ ਨਵੀਂ ਜੇਲ੍ਹ ਨਾਭਾ ਵਿਖੇ ਬੰਦੀਆਂ ਲਈ ਬੇਕਰੀ ਕੋਰਸ ਸ਼ੁਰੂ ਕਰਵਾਇਆ ਗਿਆ ਸੀ ਜਿਸ ਤਹਿਤ ਬੰਦੀਆਂ ਨੂੰ ਪਹਿਲਾਂ ਇੱਕ ਓ.ਟੀ.ਜੀ. (ਓਵਨ, ਟੋਸਟਰ ਅਤੇ ਗਰਿੱਲ ) ਮੁਹੱਈਆ ਕਰਵਾਈ ਗਈ ਸੀ ਅਤੇ ਨਾਲ ਹੀ ਬੇਕਰੀ ਕੋਰਸ ਦੀ ਸਿਖਲਾੲ. ਲਈ ਯੋਗ ਟਰੇਨਰ ਦੀ ਡਿਊਟੀ ਵੀ ਲਗਾਈ ਗਈ ਸੀ, ਤਾਂ ਜੋ ਬੰਦੀਆਂ ਦੀ ਉਪਜੀਵਿਕਾ ਲਈ ਉਪਰਾਲੇ ਕੀਤੇ ਜਾ ਸਕਣ। ਇਹ ਜਾਣਕਾਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਬੇਕਰੀ ਕੋਰਸ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਟਰੇਨਰ ਸ਼੍ਰੀਮਤੀ ਗੁਰਦੀਪ ਕੌਰ ਵਾਲੀਆ ਅਤੇ ਸ਼੍ਰੀਮਤੀ ਮਿਹਰ ਕੌਰ ਮਾਂਗਟ ਦੀ ਮਦਦ ਨਾਲ ਬੇਕਰੀ ਸਿਖਲਾਈ ਕੋਰਸ ਦੀਆਂ ਕਮੀਆਂ ਨੂੰ ਦੂਰ ਵੀ ਕਰਵਾਇਆ। ਮਨਪ੍ਰੀਤ ਕੌਰ ਨੇ ਨਵੀਂ ਜੇਲ੍ਹ ਨਾਭਾ ਵਿਖੇ ਪਹਿਲਾਂ ਤੋਂ ਚਲਾਈ ਜਾ ਰਹੀ ਸਹਿਜ ਫੁਲਕਾਰੀ (ਜੇਲ੍ਹ ਵਿੱਚ ਬੰਦ ਔਰਤਾਂ ਦੀ ਸਹਾਇਤਾ) ਸਕੀਮ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅਥਾਰਟੀ ਵੱਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਬੰਦੀਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਗਿਆ ਬੇਕਰੀ ਦਾ ਸਮਾਨ, ਸਿਲਾੲ.-ਕਢਾਈ ਤੇ ਫੁਲਕਾਰੀ ਬਾਜਾਰ ਵਿੱਚ ਵਿਕ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਕਿ ਬੰਦੀ ਇਸ ਦੌਰ ਨੂੰ ਸਜਾ ਦੇ ਤੌਰ ਤੇ ਨਾ ਲੈ ਕੇ ਸੁਧਾਰ ਦੇ ਤੌਰ ਤੇ ਲੈਣ ਤਾਂ ਜੋ ਉਨ੍ਹਾਂ ਦੀ ਜਿੰਦਗੀ ਦਾ ਨਵਾਂ ਦੌਰ ਸ਼ੁਰੂ ਹੋ ਸਕੇ। ਇਸ ਮੌਕੇ ਨਵੀਂ ਜੇਲ੍ਹ ਨਾਭਾ ਦੇ ਸੁਪਰਡੈਂਟ ਸ਼੍ਰੀ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਤਹਿਗੜ੍ਹ ਸਾਹਿਬ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜਿਸ ਦਾ ਲਾਭ ਬੰਦੀਆਂ ਨੂੰ ਮਿਲਦਾ ਰਹੇਗਾ। ਇਸ ਮੌਕੇ ਕੈਪਟਨ ਸੇਵਾ ਸਿੰਘ, ਡਿਪਟੀ ਸੁਪਰਡੈਂਟ ਸ਼੍ਰੀ ਹਰਪ੍ਰੀਤ ਸਿੰਘ, ਸਹਾਇਕ ਲੀਗਲ ਏਡ ਡਿਫੈਂਸ ਕੌਂਸਲ ਸ਼੍ਰੀਮਤੀ ਪਰਵੀਨ ਕੌਰ ਵੀ ਮੌਜੂਦ ਸਨ।