- ਕਿਹਾ, ਸਿਹਤ ਸੇਵਾਵਾਂ ਵਿੱਚ ਸੁਧਾਰ ਲਈ 550 ਨਵੇਂ ਡਾਕਟਰਾਂ ਦੀ ਭਰਤੀ ਛੇਤੀ
- ਸਿਹਤ ਮੰਤਰੀ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਸਿਹਤ ਸੇਵਾਵਾਂ ਦਾ ਜਾਇਜ਼ਾ
- ਕਿਹਾ, ਮਰੀਜ਼ਾਂ ਦੀ ਮਦਦ ਲਈ ਬਣਨਗੇ ਫ਼ੈਸਿਲੀਟੇਸ਼ਨ ਸੈਂਟਰ
ਬਰਨਾਲਾ, 27 ਜੂਨ : ਸਰਕਾਰ ਵਲੋਂ ਛੇਤੀ ਹੀ ਸੂਬੇ ਦੇ ਜ਼ਿਲ੍ਹਾ, ਸਬ - ਡਿਵੀਜ਼ਨਲ ਤੇ ਕਮਿਊਨਿਟੀ ਹਸਪਤਾਲਾਂ (ਸੈਕੰਡਰੀ ਸਿਹਤ ਸੰਸਥਾਵਾਂ) ਦਾ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਬਰਨਾਲਾ ਦੇ ਦੌਰੇ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲਾਂ 550 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਂਦਾ ਗਿਆ ਹੈ ਤੇ ਹੁਣ ਜਿੱਥੇ ਸੂਬੇ ਦੇ ਜ਼ਿਲ੍ਹਾ, ਸਬ ਡਵੀਜ਼ਨਲ ਤੇ ਕਮਿਊਨਿਟੀ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ, ਓਥੇ ਲੋੜ ਅਨੁਸਾਰ ਡਾਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ ਸਿਹਤ ਮੰਤਰੀ ਨੇ ਕਿਹਾ ਕਿ ਜਲਦ ਹੀ 550 ਨਵੇਂ ਡਾਕਟਰ ਭਰਤੀ ਕੀਤੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਮੌਕੇ ਸਰਕਾਰੀ ਹਸਪਤਾਲਾਂ ਵਿੱਚ ਫ਼ੈਸਿਲੀਟੇਸ਼ਨ ਸੈਂਟਰ ਬਣਾਏ ਜਾਣਗੇ, ਜਿਨ੍ਹਾਂ ਵਿੱਚ ਮਾਹਿਰ ਸਟਾਫ਼ ਭਾਰਤੀ ਕੀਤਾ ਜਾਵੇਗਾ ਜੋ ਮਰੀਜ਼ਾਂ ਦੀ ਮਦਦ ਕਰੇਗਾ ਤਾਂ ਜੋ ਮਰੀਜ਼ਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਅੱਜ ਸਿਵਲ ਹਸਪਤਾਲ ਦੇ ਦੌਰੇ ਮੌਕੇ ਲੋੜੀਂਦੀਆਂ ਸਹੂਲਤਾਂ ਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਆਉਂਦੇ ਸਮੇਂ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਸਮੇਤ ਹੋਰ ਕਮੀਆਂ ਵੀ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਸਿਹਤ ਮੰਤਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰ ਸਰਕਾਰੀ ਸਕੀਮਾਂ ਦੀ ਕਿਤਾਬ ਪਹੁੰਚ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਪਰਦੀਪ ਅਗਰਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਡਿਪਟੀ ਕਮਸ਼ਨਰ ਪੂਨਮਦੀਪ ਕੌਰ, ਐਸਐਸਪੀ ਸੰਦੀਪ ਕੁਮਾਰ ਮਲਿਕ, ਸਿਵਲ ਸਰਜਨ ਡਾ. ਜਸਬੀਰ ਔਲਖ, ਡਿਪਟੀ ਮੈਡੀਕਲ ਕਮਿਸ਼ਨਰ ਗੁਰਮਿੰਦਰ ਕੌਰ ਔਜਲਾ ਤੇ ਸਿਹਤ ਵਿਭਾਗ ਦਾ ਹੋਰ ਅਮਲਾ ਹਾਜ਼ਰ ਸੀ।