ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਖਿਡਾਰੀਆਂ ਵਿੱਚ ਭਰ ਰਹੀਆਂ ਨਸ਼ਾ ਰਹਿਤ ਜੀਵਨ ਜਿਉਣ ਦਾ ਉਤਸ਼ਾਹ-ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ

  • ਜ਼ਿਲ੍ਹਾ ਪੱਧਰੀ ਖੇਡ ਮੁਕਾਬਿਲਆਂ ਦੇ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ

ਮੋਗਾ, 29 ਸਤੰਬਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਪੂਰੇ ਯੋਗ ਪ੍ਰਬੰਧਾਂ ਹੇਠ ਚਲਾਏ ਜਾ ਰਹੇ ਹਨ। ਖਿਡਾਰੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਿਲਆਂ ਵਿੱਚ ਹਿੱਸਾ ਲੈ ਰਹੇ ਹਨ। ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਇਕੱਠ ਇਹ ਦੱਸ ਰਿਹਾ ਹੈ ਕਿ ਇਹ ਸੀਜ਼ਨ ਪੰਜਾਬ ਦੇ ਖਿਡਾਰੀਆਂ ਵਿੱਚ ਨਸ਼ਾ ਰਹਿਤ ਅਤੇ ਪੰਜਾਬ ਲਈ ਕੁਝ ਵੱਖਰਾ ਕਰਨ ਦਾ ਉਤਸ਼ਾਹ ਭਰ ਰਿਹਾ ਹੈ। ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਖੇਡਾਂ ਮੈਦਾਨਾਂ ਨਾਲ ਜੁੜ ਕੇ ਆਪਣਾ ਚੰਗੇਰਾ ਅਤੇ ਨਸ਼ਾ ਰਹਿਤ ਭਵਿੱਖ ਬਣਾਉਣ। ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਇਹ ਖੇਡਾਂ ਕਾਰਗਰ ਸਾਬਿਤ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।  ਇਸ ਮੌਕੇ ਖੇਡ ਕਬੱਡੀ ਨੈਸ਼ਨਲ ਅੰ.17 ਲੜਕੇ ਵਿੱਚ ਯੂਨੀਕ ਸਕੂਲ ਸਮਾਲਸਰ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਦੂਜੇ ਸਥਾਨ ਤੇ ਸਰਕਾਰੀ ਹਾਈ ਸਕੂਲ, ਮਨਾਵਾਂ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਖੇਡ ਖੋ-ਖੋ ਅੰ.17 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਕਾਨਵੇਟ ਸਕੂਲ ਮੁੰਡੀ ਜਮਾਲ ਅਤੇ ਪਿੰਡ ਖੋਸਾ ਕੋਟਲਾ ਦੇ ਮੁਕਾਬਲਾ ਕਰਵਾਇਆ ਗਿਆ ਅਤੇ ਇਨ੍ਹਾਂ ਵਿੱਚ ਦਿੱਲੀ ਕਾਨਵੇਟ ਸਕੂਲ ਮੁੰਡੀ ਜਮਾਲ ਨੇ ਪਹਿਲਾ ਸਥਾਨ ਅਤੇ ਪਿੰਡ ਖੋਸਾ ਕੋਟਲਾ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਕਿੱਕ ਬਾਕਸਿੰਗ, ਜੂਡੋ, ਕਬੱਡੀ ਸਰਕਲ ਦੇ ਮੈਚ ਵੀ ਕਰਵਾਏ ਗਏ। ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਿਲਆਂ ਦੇ ਸਥਾਨਾਂ ਉੱਪਰ ਵੱਖ-ਵੱਖ ਵਿਭਾਗਾਂ ਦੀਆਂ ਯੋਗ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਕਿ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਪ੍ਰੇ਼ਸ਼ਾਨੀ ਜਾਂ ਰਿਫਰੈਸ਼ਮੈਂਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।